Friday, December 30, 2011

ਪੰਜਾਬੀ ਦ੍ਰਿਸ਼ਟੀ-ਵੀਹ ਸੌ ਵੀਹ (vision punjabi-2020)

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਜਸਵਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਵਿਜ਼ਨ ਪੰਜਾਬੀ-2020 ਬਣਾਉਣ ਲਈ ਅੱਜ ਪੰਜਾਬੀ ਅਕਾਦਮਿਕਤਾ, ਸਾਹਿਤ, ਵਿਗਿਆਨ, ਮੀਡੀਆ, ਤਕਨਾਲੋਜੀ ਆਦਿ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮਾਹਿਰਾਂ, ਵਿਦਵਾਨਾਂ ਦੀ ਭਾਰੀ ਇਕੱਤਰਤਾ ਹੋਈ। ਜਿਸ ਵਿਚ ਠੋਸ ਰੂਪ ਵਿਚ ਅਜਿਹੇ ਸੁਝਾਅ ਸਾਹਮਣੇ ਆਏ ਕਿ ਕਿਸ ਤਰ੍ਹਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਭਵਿੱਖ ਦੀਆਂ ਯੋਜਨਾਵਾਂ ਤਿਆਰ ਹੋ ਸਕਣ। ਇਸ ਸਮੇਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਨਾਲ ਜੁੜੇ ਸਰੋਕਾਰਾਂ ਲਈ ਜਿਥੇ ਸੈਮੀਨਾਰ, ਕਾਨਫਰੰਸਾਂ ਕਰਵਾਉਂਦੀ ਹੈ ਓਥੇ ਹੁਣ ਵਿਜ਼ਨ ਪੰਜਾਬੀ-2020 ਰਾਹੀਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਦਾ ਉਦਮ ਕਰੇਗੀ ਅਤੇ ਹਰ ਚੇਤੰਨ ਪੰਜਾਬੀ ਸਾਨੂੰ ਸੁਝਾਅ ਦੇਵੇ ਤਾਂ ਜੋ ਕੋਈ ਠੋਸ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਸੁਝਾਵਾਂ ਤੇ ਆਧਾਰਿਤ ਯੂਨੀਵਰਸਿਟੀ ਸਮੂਹ ਪੰਜਾਬੀਆਂ ਨਾਲ ਮਿਲ ਕੇ ਅਜਿਹਾ ਪ੍ਰੋਗਰਾਮ ਉਲੀਕਣਾ ਚਾਹੁੰਦੀ ਹੈ ਕਿ ਪੰਜਾਬੀ ਨੂੰ ਭਵਿੱਖ ਵਿਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਯੂਨੈਸਕੋ ਵਰਗੇ ਅਦਾਰਿਆਂ ਦੀਆਂ ਭਾਸ਼ਾਵਾਂ ਦੇ ਮਰ ਜਾਣ ਵਰਗੇ ਖਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਵਿਜ਼ਨ ਪੰਜਾਬੀ-2020 ਬਣਾਉਣ ਲਈ ਇਹ ਇਕ ਆਰੰਭ ਕੀਤਾ ਗਿਆ ਹੈ ਤੇ ਜਲਦੀ ਇਸ ਨਾਲ ਸੰਬੰਧਿਤ ਹੋਰ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਪੰਜਾਬੀ ਯੂਨੀਵਰਸਿਟੀ ਇਹਦੇ ਲਈ ਹੱਬ ਬਣਨ ਦਾ ਕਾਰਜ ਕਰੇਗੀ। ਇਸ ਇਕੱਤਰਤਾ ਵਿਚ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚੋਂ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ। ਪੰਜਾਬੀ ਅਕਾਦਮੀ, ਦਿੱਲੀ ਦੇ ਸਕੱਤਰ ਡਾ. ਰਵੇਲ ਸਿੰਘ ਨੇ ਕਿਹਾ ਕਿ ਵਿਜ਼ਨ ਪੰਜਾਬੀ-2020 ਬਣਾਉਣ ਲਈ ਪੰਜਾਬੀ ਭਾਸ਼ਾ, ਸਾਹਿਤ, ਤਕਨਾਲੋਜੀ, ਮੀਡੀਆ ਆਦਿ ਖੇਤਰਾਂ ਨਾਲ-ਨਾਲ ਵੱਖ-ਵੱਖ ਕਮੇਟੀਆਂ ਗਠਿਤ ਕਰ ਕੇ ਇਸ ਪੰਜਾਬੀ ਦ੍ਰਿਸ਼ਟੀ ਦੀ ਠੋਸ ਰੂਪ-ਰੇਖਾ ਤਿਆਰ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਅਜਿਹੀ ਹੈ ਇਸ ਵਿਚ ਲਗਭਗ ਹਰ ਭਾਸ਼ਾ ਲਿਖੀ ਜਾ ਸਕਦੀ ਹੈ, ਇਸਦੀ ਵਿਗਿਆਨਕਤਾ ਤੇ ਮਾਣ ਕਰਨਾ ਬਣਦਾ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਵਰਤਮਾਨ ਦੌਰ ਵਿਚ ਆਪਣੀ ਭਾਸ਼ਾ ਵਿਚ ਮਹਾਨ ਸਾਹਿਤ ਪੈਦਾ ਕਰਨਾ ਹੋਵੇਗਾ । ਪ੍ਰਸਿੱਧ ਗਲਪਕਾਰਾ ਦਲੀਪ ਕੌਰ ਟਿਵਾਣਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਅਨੁਵਾਦ ਵੱਲ ਵਿਸ਼ੇਸ਼ ਧਿਆਨ ਦੇਣਾ ਬਣਦਾ ਹੈ ਅਤੇ ਇਸਦੇ ਨਾਲ ਹੀ ਲੋਕ-ਸਾਹਿਤ ਅਤੇ ਬਾਲ-ਸਾਹਿਤ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਇਸ ਮੌਕੇ ਸਰਕਾਰਾਂ ਦੀ ਆਪਣੀ ਜਿੰਮੇਵਾਰੀਆਂ ਤੋਂ ਕੰਨੀ ਕਤਰਾਉਣ ਦੀ ਗਲ ਉੱਠੀ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਵਿਜ਼ਨ ਪੰਜਾਬੀ-2020 ਲਈ ਪੰਜਾਬੀ ਯੂਨੀਵਰਸਿਟੀ ਕੀ ਕਰ ਸਕਦੀ ਹੈ ਇਸ ਲਈ ਦੁਨੀਆਂ ਭਰ ਚੋਂ ਈ.ਮੇਲ, ਫੋਨ ਰਾਹੀਂ ਸੁਝਾਅ ਆਏ ਅਤੇ ਹਾਜ਼ਰ ਸ਼ਖਸੀਅਤਾਂ ਨੇ ਵੀ ਹਰ ਖੇਤਰ ਨਾਲ ਸੁਝਾਅ ਦਿੱਤੇ ਜਿਨ੍ਹਾਂ ਬਾਰੇ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸੁਝਾਵਾਂ ਤੇ ਆਧਾਰਿਤ ਵਰਕਸ਼ਾਪ ਅਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਜਿਸ ਤੇ ਆਧਾਰਿਤ ਇਕ ਦਸਤਾਵੇਜ਼ ਤਿਆਰ ਕੀਤਾ ਜਾਵੇਗਾ ਜੋ ਭਵਿੱਖ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਰਹਿਨੁਮਾਈ ਕਰੇਗਾ। ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਮੈਡਮ ਬਲਬੀਰ ਕੌਰ, ਲੋਕਗੀਤ ਪ੍ਰਕਾਸ਼ਨ ਦੇ ਮਾਲਕ ਹਰੀਸ਼ ਜੈਨ, ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ। ਦਿੱਲੀ ਯੂਨੀਵਰਸਿਟੀ ਤੋਂ ਡਾ. ਜਗਬੀਰ ਸਿੰਘ, ਡਾ. ਮਨਜੀਤ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਤੋਂ ਡਾ. ਜਸਪਾਲ ਕੌਰ ਕਾਂਗ, ਡਾ. ਸੁਖਦੇਵ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਾ. ਹਰਸਿਮਰਤ ਸਿੰਘ ਰੰਧਾਵਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਪਰਮਜੀਤ ਸਿੰਘ ਸਿੱਧੂ ਤੋਂ ਇਲਾਵਾ ਅਮਰਜੀਤ ਸਿੰਘ ਗਰੇਵਾਲ, ਡਾ. ਬਲਕਾਰ ਸਿੰਘ, ਡਾ. ਸਵਰਾਜ ਸਿੰਘ, ਡਾ. ਕੁਲਦੀਪ ਸਿੰਘ ਧੀਰ, ਡਾ. ਹਰਸ਼ਿੰਦਰ ਕੌਰ, ਡਾ. ਬਲਵਿੰਦਰ ਕੌਰ ਬਰਾੜ, ਜਸਵੰਤ ਜ਼ਫਰ, ਅਮਰਜੀਤ ਵੜੈਚ, ਵਿਦਵਾਨ ਸਿੰਘ ਸੋਨੀ, ਐਡਵੋਕੇਟ ਸਰਬਜੀਤ ਸਿੰਘ ਆਦਿ ਨੇ ਆਪਣੇ ਸੁਝਾਅ ਦਿੱਤੇ। ਇਸ ਇਕੱਤਰਤਾ ਵਿਚ ਪੰਜਾਬੀ ਸਾਹਿਤ ਆਧਿਐਨ ਵਿਭਾਗ ਦੇ ਮੁਖੀ ਡਾ. ਰਾਜਿੰਦਰ ਲਹਿਰੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ ਆਪਣੇ ਸਮੂਹ ਅਧਿਆਪਕ ਸਾਥੀਆਂ ਸਮੇਤ ਹਾਜ਼ਰ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਤੋਂ ਡਾ. ਸਬਰਜਿੰਦਰ ਸਿੰਘ ਅਤੇ ਪੰਜਾਬੀ ਖੋਜ ਤੇ ਅਧਿਆਪਨ ਨਾਲ ਸਬੰਧਿਤ ਸਾਰੇ ਅਧਿਆਪਕ ਹਾਜ਼ਰ ਹੋਏ।

‘ਭਾਸ਼ਾਵਾਂ ਅਤੇ ਕੌਮੀ ਏਕਤਾ’

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਅਤੇ ਡਾ. ਬਲਤੇਜ ਸਿੰਘ ਮਾਨ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦਰ ਕੌਮੀ ਏਕਤਾ ਚੇਅਰ ਵਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ “ਭਾਰਤ ਵਿਚ ਕੌਮੀ ਏਕਤਾ ਅਤੇ ਭਾਈਚਾਰਕ ਸਦਭਾਵਨਾ ਸਨਮੁੱਖ ਚੁਣੌਤੀਆਂ” ਵਿਸ਼ੇ ਉਪਰ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਦਾ ਇਕ ਟੈਕਨੀਕਲ ਸ਼ੈਸਨ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਕੀਤਾ ਗਿਆ। ਇਸ ਸ਼ੈਸਨ ਦੇ ਚੇਅਰਮੈਨ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਕੋਆਰਡੀਨੇਟਰ ਡਾ. ਸਤੀਸ਼ ਕੁਮਾਰ ਵਰਮਾ ਅਤੇ ਵਿਸ਼ੇਸ਼ ਬੁਲਾਰੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ. ਰਵੇਲ ਸਿੰਘ ਸਨ। ਇਸ ਮੌਕੇ ਵਰਲਡ ਪੰਜਾਬੀ ਸੈਂਟਰ ਦੇ ਸਲਾਹਕਾਰ ਅਮਰਜੀਤ ਸਿੰਘ ਗਰੇਵਾਲ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਸ਼ੈਸਨ ਦੇ ਆਰੰਭ ਵਿਚ ਡਾ. ਬਲਦੇਵ ਸਿੰਘ ਚੀਮਾ ਦੁਆਰਾ ‘ਭਾਸ਼ਾਵਾਂ ਅਤੇ ਕੌਮੀ ਏਕਤਾ’ ਵਿਸ਼ੇ ਉਪਰ ਪੇਪਰ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਲਈ ਭਾਸ਼ਾਵਾਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਭਾਸ਼ਾ ਸੰਚਾਰ ਦਾ ਸਭ ਤੋਂ ਮਹੱਤਵਪੂਰਨ ਵਸੀਲਾ ਹੁੰਦੀ ਹੈ। ਇਸ ਮੌਕੇ ਬੋਲਦਿਆਂ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਇਕ ਬਹੁ-ਭਾਸ਼ਾਈ, ਬਹੁ-ਸਭਿਆਚਾਰਕ ਦੇਸ਼ ਹੈ, ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹ ਇਕ ਮਜ਼ਬੂਤ ਦੇਸ਼ ਬਣੇ ਤਾਂ ਸਾਰੀਆਂ ਪਛਾਣਾਂ ਨੂੰ ਮਾਨਤਾ ਦੇਣੀ ਪਵੇਗੀ, ਭਾਸ਼ਾਵਾਂ ਦੇ ਮਾਮਲੇ ਵਿਚ ਇਹ ਗਲ ਹੋਰ ਵੀ ਸੱਚ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਇਕ ਪਾਸੇ ਕਰੰਸੀ ਭਾਵ ਤਜਾਰਤ ਇਕ ਕਰਦੀ ਹੈ ਤਾਂ ਬਾੱਲੀਵੁੱਡ ਸਿਨਮੇ ਦੀ ਭਾਸ਼ਾ, ਜੋ ਹਿੰਦੀ ਨਹੀਂ ਸਗੋਂ ਹਿੰਦੋਸਤਾਨੀ ਹੈ, ਵੀ ਸਾਰੇ ਭਾਰਤੀਆਂ ਤਕ ਸੰਚਾਰ ਕਰ ਰਹੀ ਹੈ। ਭਾਸ਼ਾ ਅਤੇ ਕੌਮੀ ਏਕਤਾ ਦੇ ਮਸਲੇ ਤੇ ਇਸ ਪ੍ਰਕਾਰ ਨਵੇਂ ਪੱਖਾਂ ਵਲ ਵੀ ਧਿਆਨ ਦੇਣਾ ਬਣਦਾ ਹੈ। ਪੰਜਾਬੀ ਵਿਭਾਗ ਦੇ ਖੋਜਾਰਥੀ ਪਰਮਜੀਤ ਸਿੰਘ ਕੱਟੂ ਨੇ ‘ਭਾਸ਼ਾਵਾਂ ਅਤੇ ਕੌਮੀ ਏਕਤਾ : ਅੰਤਰ-ਸੰਬੰਧ’ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਭਾਰਤ ਜਿਹੇ ਭਿੰਨਤਾਵਾਂ ਵਾਲੇ ਦੇਸ਼ ਵਿਚ ਕੌਮੀ ਏਕਤਾ ਬਹੁਤ ਸੰਜੀਦਾ ਮਸਲਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਏਕਤਾ ਲਈ ਜਿਥੇ ਭਾਰਤ ਵਿਚ ਕੋਈ ਇਕ ਸਾਂਝੀ ਸੰਪਰਕ ਭਾਸ਼ਾ ਨਹੀਂ ਓਥੇ ਭਾਸ਼ਾ ਦੇ ਨਾਂ ‘ਤੇ ਹੁੰਦੀ ਸੌੜੀ ਰਾਜਨੀਤੀ ਵੀ ਇਦ੍ਹੇ ਲਈ ਘਾਤਕ ਹੈ । ਦੇਸ਼ ਵਿਚ ਵੱਖਰੀਆਂ ਪਛਾਣਾਂ ਦੀ ਵੱਖਰਤਾ ਦੇ ਬਾਵਜੂਦ ਏਕਤਾ ਬਣਾਈ ਰੱਖਣਾ ਇਹ ਚੁਣੌਤੀ ਹੈ। ਇਸ ਮੌਕੇ ਬਾਬਾ ਫ਼ਰੀਦ ਕਾਲਜ, ਦਿਉਣ ਤੋਂ ਡਾ. ਰਵਿੰਦਰ ਸੰਧੂ ਨੇ ‘ਕੌਮੀ ਏਕਤਾ : ਭਾਸ਼ਕ ਪਰਿਪੇਖ’ ਅਤੇ ਡਾ. ਜਗਪ੍ਰੀਤ ਕੌਰ ਨੇ ‘ਭਾਰਤ ਵਿਚ ਬਹੁ-ਭਾਸ਼ਾਵਾਦ’ ਵਿਸ਼ੇ ਤੇ ਪਰਚੇ ਪੇਸ਼ ਕੀਤੇ। ਇਸ ਤੋਂ ਇਲਾਵਾ ਰਾਮ ਨਿਵਾਸ, ਵੰਦਨਾ ਸ਼ਰਮਾ, ਡਾ. ਮੋਹਨ ਤਿਆਗੀ, ਨਿਤੀਸ਼ਾ ਮਹਾਜਨ ਆਦਿ ਵਲੋਂ ਵੀ ਇਸ ਸ਼ੈਸਨ ਵਿਚ ਪਰਚੇ ਪੇਸ਼ ਕੀਤੇ ਗਏ, ਜਿਨ੍ਹਾਂ ਉਪਰ ਬਹਿਸ ਕੀਤੀ ਗਈ। ਇਸ ਮੌਕੇ ਬਹੁ-ਗਿਣਤੀ ਖੋਜਾਰਥੀਆਂ-ਵਿਦਿਆਰਥੀਆਂ ਦੇ ਨਾਲ-ਨਾਲ ਡਾ. ਜਸਵਿੰਦਰ ਸਿੰਘ, ਡਾ.ਚਰਨਜੀਤ ਕੌਰ, ਡਾ.ਬਲਕਾਰ ਸਿੰਘ, ਡਾ. ਗੁਰਮੁਖ ਸਿੰਘ, ਰਾਜਵੰਤ ਕੌਰ ਪੰਜਾਬੀ, ਡਾ. ਗੁਰਜੰਟ ਸਿੰਘ ਆਦਿ ਵੀ ਸ਼ਾਮਿਲ ਹੋਏ।

Wednesday, September 28, 2011

ਭਾਈ ਮੰਨਾ ਜੀ ਦੇ ਸਦੀਵੀ ਵਿਛੋੜੇ ਸਬੰਧੀ ਸ਼ੋਕ ਸਭਾ

ਪੰਜਾਬੀ ਵਿਭਾਗ ਪੰਜਾਬੀ ਯੂਨੀਵਰਿਸਟੀ ਵਿਖੇ ਸਾਡੇ ਸਮਿਆਂ ਦੇ ਯੁੱਗ-ਪੁਰਸ਼, ਤਰਕਸ਼ੀਲ ਲਹਿਰ ਦੇ ਮੋਢੀ, ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ, ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਗੁਰਸ਼ਰਨ ਸਿੰਘ (ਭਾਈ ਮੰਨਾ ਜੀ) ਦੇ ਸਦੀਵੀ ਵਿਛੋੜੇ ਸਬੰਧੀ ਇਕ ਸ਼ੋਕ ਸਭਾ ਰੱਖੀ ਗਈ। ਭਾਈ ਮੰਨਾ ਜੀ ਨੇ ਆਪਣੀ ਸਾਰੀ ਉਮਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ, ਇਕ ਬਿਹਤਰ ਸਮਾਜ ਸਿਰਜਣ ਦੇ ਲੇਖੇ ਲਗਾਈ। ਸਮਾਜ ਲਈ ਉਹਨਾਂ ਦੀ ਪ੍ਰਤੀਬੱਧਤਾ ਆਪਣੇ ਆਪ ਵਿਚ ਇਕ ਮਿਸਾਲ ਹੈ ਤੇ ਅਸਲੀ ਅਰਥਾਂ ਵਿਚ ਉਹ ਸ਼ਹੀਦ ਭਗਤ ਸਿੰਘ ਦੇ ਵਾਰਸ ਬਣੇ ਰਹੇ । ਇਸ ਮੌਕੇ ਬੋਲਦਿਆਂ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਭਾਈ ਮੰਨਾ ਜੀ ਵਿਆਕਤੀ ਨਹੀਂ ਸੰਸਥਾ ਸਨ, ਉਹਨਾਂ ਨੇ ਸਾਰੀ ਉਮਰ ਅਨਿਆਂ ਦੇ ਖਿਲਾਫ਼ ਸੰਘਰਸ਼ ਕੀਤਾ, ਰੰਗਮੰਚ ਨੂੰ ਪਿੰਡਾਂ ਤਕ ਨੇ ਕੇ ਗਏ ਤੇ ਹਮੇਸ਼ਾ ਸਾਧਨ-ਹੀਣਾਂ ਦੇ ਹੱਕ ਵਿਚ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਭਾਗ ਨਾਲ ਭਾਈ ਮੰਨਾ ਜੀ ਦਾ ਨੇੜਲਾ ਸਬੰਧ ਰਿਹਾ, ਉਹ ਸਮੇਂ-ਸਮੇਂ ਵਿਦਿਆਰਥੀਆਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਲਈ ਪ੍ਰੇਰਣਾ ਬਣਦੇ ਰਹੇ। ਡਾ. ਬਰਾੜ ਨੇ ਕਿਹਾ ਕਿ ਉਹਨਾਂ ਦੀ ਅਗਾਂਹਵਧੂ ਸੋਚ ਓਦੋਂ ਤਕ ਸਾਡਾ ਮਾਰਗ-ਦਰਸ਼ਨ ਕਰਦੀ ਰਹੇਗੀ ਜਦੋਂ ਤਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ।
ਇਸ ਮੌਕੇ ਬੋਲਦਿਆਂ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿਚ ਪਹਿਲੀ ਵਾਰ ਸਮਾਜਿਕ ਸਰਗਰਮੀ ਦਾ ਅਰਥ ਭਾਈ ਮੰਨਾ ਜੀ ਤੋਂ ਸਿੱਖਿਆ। ਉਨ੍ਹਾਂ ਕਿਹਾ ਕਿ ਭਾਈ ਮੰਨਾ ਜੀ ਦੀ ਪ੍ਰਤੀਬੱਧਤਾ ਸਾਡੇ ਸਾਰਿਆਂ ਲਈ ਮਿਸਾਲ ਹੈ ਤੇ ਉਨ੍ਹਾਂ ਦਾ ਤੁਰ ਜਾਣਾ ਪੰਜਾਬੀ ਜਗਤ ਲਈ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ। ਪ੍ਰੋ. ਜਸਵਿੰਦਰ ਸਿੰਘ ਨੇ ਕਿਹਾ ਕਿ ਭਾਈ ਮੰਨਾ ਜੀ ਪੇਸ਼ੇ ਵਜੋਂ ਇੰਜਨੀਅਰ ਹੋਣ ਦੇ ਬਾਵਜੂਦ ਪਰਿਵਾਰਕ ਐਸ਼ੋ-ਆਰਾਮ ਵਾਲੀ ਜ਼ਿੰਦਗੀ ਤਿਆਗ ਕੇ ਲੋਕਾਂ ਦੀ ਮੁਕਤੀ ਲਈ ਲੋਕਾਂ ਵਿਚ ਜਾ ਕੇ ਅਗਾਂਹਵਧੂ ਸਰਗਰਮੀਆਂ ਕਰਨ ਵਾਲੀ ਸਖਸ਼ੀਅਤ ਸਨ ਜੋ ਇਤਿਹਾਸ ਵਿਚ ਕਦੇ-ਕਦੇ ਹੀ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਵਿਭਾਗ ਦੇ ਯਤਨਾਂ ਨਾਲ ਪੰਜਾਬੀ ਯੂਨੀਵਰਸਿਟੀ ਨੇ ਭਾਈ ਮੰਨਾ ਜੀ ਨੂੰ ਲਾਈਫ ਫੈਲੋ ਪ੍ਰਦਾਨ ਕੀਤੀ ਤੇ ਬਾਅਦ ਵਿਚ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਡੀ.ਲਿਟ ਦੀ ਡਿਗਰੀ ਦੇ ਕੇ ਖੁਦ ਨੂੰ ਸਨਮਾਨਿਆ ਮਹਿਸੂਸ ਕੀਤਾ। ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਭਾਈ ਮੰਨਾ ਜੀ ਬਹੁਤ ਘੱਟ ਸਟੇਜੀ ਸਾਧਨਾਂ ਨਾਲ ਹੀ ਆਪਣਾ ਵੱਡਾ ਸੁਨੇਹਾ ਦੇਣ ਦੇ ਸਮਰੱਥ ਸਨ। ਪਿੰਡਾਂ ਵਿਚ ਨਾਟਕਾਂ ਰਾਹੀਂ ਚੇਤਨਤਾ ਲਿਆਉਣ ਵਿਚ ਭਾਈ ਮੰਨਾ ਜੀ ਦੀ ਹਾਲੇ ਤਕ ਕੋਈ ਬਦਲ ਨਹੀਂ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਬਲਦੇਵ ਸਿੰਘ ਚੀਮਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੋਜਾਰਥੀਆਂ ਤੇ ਵਿਦਿਆਰੀਆਂ ਨੇ ਸ਼ੋਕ ਸਭਾ ਵਿਚ ਭਾਈ ਮੰਨਾ ਜੀ ਦੀ ਯਾਦ ਵਿਚ ਮੌਨ ਧਾਰ ਕੇ ਉਹਨਾਂ ਯਾਦ ਕੀਤਾ।

Monday, September 5, 2011

ਪੰਜਾਬ ਬਨਾਮ ਕੈਨੇਡਾ-ਡਾ. ਰਾਜਿੰਦਰਪਾਲ ਬਰਾੜ


ਪੰਜਾਬ ਤੋਂ ਕੈਨੇਡਾ ਜਾਣ ਵਾਲੇ ਸਭ ਜਾਣਦੇ ਹਨ ਕਿ ਇੱਥੇ ਦਿਨ ਤੇ ਉਥੇ ਰਾਤ ਹੁੰਦੀ ਹੈ। ਸਾਡੇ ਨਾਲੋਂ 9 ਘੰਟੇ 30 ਮਿੰਟ ਪਿੱਛੇ। ਅਸੀਂ ਸੜਕ ਤੇ ਖੱਬੇ ਚਲਦੇ ਹਾਂ ਤੇ ਉਹ ਸੱਜੇ। ਇੱਥੇ ਲਾਈਟਾਂ ਦੀਆਂ ਸਵਿੱਚਾ ਹੇਠਾਂ ਦੱਬਿਆਂ ਚਲਦੀਆਂ ਹਨ ਉਥੇ ਉਪਰ ਚੁੱਕਿਆਂ। ਉਹ ਤਰਲ ਪਦਾਰਥ ਪੈਟਰੋਲ ਨੂੰ ਗੈਸ ਆਖਦੇ ਹਨ ਅਤੇ ਵੱਡੀ ਕਾਰ ਨੂੰ ਟਰੱਕ। ਕੈਨੇਡਾ ਨਾਲ ਉਚਤਾਸਵੱਛਤਾ, ਚੰਗਿਆਈ ਦਾ ਭਾਵ ਜੋੜਦਿਆਂ ਉਥੋਂ ਦੇ ਘਰਾਂ ਦੀ ਸਫਾਈ,ਸੜਕਾਂ ਦੀ ਚੌੜਾਈ, ਇਮਾਰਤਾਂ ਦੀ ਉਚਾਈ, ਟਰੈਫਿਕ ਨਿਯਮਾਂ ਦੀ ਪਾਲਣਾ ਵਿਚ ਕਰੜਾਈ ਆਦਿ ਦਾ ਮਹਿਮਾ ਗਾਇਨ ਕੀਤਾ ਜਾ ਸਕਦਾ ਹੈ। ਅਚੇਤੇ ਹੀ ਮੇਰੇ ਭਾਰਤ ਮਹਾਨ ਨਾਲ ਤੁਲਨਾ ਵੀ ਹੁੰਦੀ ਰਹਿੰਦੀ ਹੈ। ਬਹੁਤੇ ਕੈਨੇਡੀਅਨ ਪੰਜਾਬੀ ਤੇ ਇੱਥੋਂ ਸੈਰ ਕਰਨ ਗਏ ਪੰਜਾਬੀ ਭਾਰਤ ਦੀ ਤੁਲਨਾ ਵਿਚ ਕੈਨੇਡਾ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਪਰ ਇਹ ਕੁਝ ਕਰਨ ਦੇ ਨਾਲ ਨਾਲ ਸਾਨੂੰ ਕੁਝ ਤੱਥਾਂ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਕੈਨੇਡਾ ਦੀ ਆਬਾਦੀ 34,569,000 ਹੈ ਅਤੇ ਭਾਰਤ ਦੀ 1,210,193,422 ਲਗਭਗ 35 ਗੁਣਾ ਜਿ਼ਆਦਾ,ਇਕੱਲੇ ਪੰਜਾਬ ਦੀ ਹੀ 27,704,236 ਹੈ। ਕੈਨੇਡਾ ਦਾ ਖੇਤਰਫਲ 9,984,670 ਵਰਗ ਕਿਲੋਮੀਟਰ ਹੈ ਅਤੇ ਇਹ 3,287,240 ਵਰਗ ਕਿਲੋਮੀਟਰ ਭਾਰਤ ਨਾਲੋਂ 3ਗੁਣਾ ਅਤੇ 50,362 ਵਰਗ ਕਿਲੋਮੀਟਰ ਪੰਜਾਬ ਨਾਲੋਂ 200 ਗੁਣਾ ਵੱਡਾ ਹੈ। ਪੰਜਾਬ ਤੋਂ ਵੱਡੀਆਂ ਤਾਂ ਉਥੋਂ ਦੀਆਂ ਝੀਲਾਂ ਹਨ ਜਿਨ੍ਹਾਂ ਦਾ ਖੇਤਰਫਲ਼ ਪੰਜਾਬ ਤੋਂ ਜਿ਼ਆਦਾ 891,163 ਵਰਗ ਕਿਲੋਮੀਟਰ ਹੈ। ਪੰਜਾਬੋਂ ਪਹਿਲੀ ਵਾਰ ਗਏ ਵਿਅਕਤੀ ਨੂੰ ਕਿਸੇ ਨੇ ਪੁੱਛਿਆ ਕਿ ਕੈਨੇਡਾ ਕਿਵੇਂ ਲੱਗਾ? ਤਾਂ ਉਸ ਨੇ ਭੋਲ਼ੇਭਾਅ ਉਤਰ ਦਿੱਤਾ ਕਿ ਇਥੇ ਜੰਗਲਪਾਣੀ ਬਹੁਤ ਹੈ। ਸੱਚਮੁੱਚ ਕੈਨੇਡਾ ਵਿਚ ਜੰਗਲਾਂ ਹੇਠ ਬਹੁਤ ਜਿ਼ਆਦਾ ਰਕਬਾ ਹੈ ਅਤੇ ਸਾਫ ਪਾਣੀ ਦੀਆਂ ਝੀਲਾਂ ਵੀ ਦੁਨੀਆਂ ਵਿਚ ਸਭ ਤੋਂ ਵੱਧ ਕੈਨੇਡਾ ਵਿਚ ਹਨ । ਇਕ ਤਰ੍ਹਾਂ ਨਾਲ ਇਹ ਮੁਲਕ ਕੁਦਰਤੀ ਸਾਧਨਾਂ ਨਾਲ ਵਰੋਸਾਇਆ ਹੋਇਆ ਹੈ। ਉਥੇ ਟਰੈਫਿਕ ਕੇਵਲ ਲੋਕਾਂ ਦੇ ਅਨੁਸਾਸ਼ਤ ਹੋਣ ਕਰਕੇ ਹੀ ਨਹੀਂ ਸਗੋਂ ਖੁੱਲ੍ਹੀਆਂ ਸੜਕਾਂ ਕਰਕੇ ਵੀ ਹੈ ਜੋ ਥਾਂ ਖੁੱਲ੍ਹੀ ਹੋਣ ਕਰਕੇ ਸੰਭਵ ਹੈ। ਸਾਡੇ ਦੇਸ਼ ਵਿਚ ਜਿੰਨੀ ਥਾਂ ਦੀ ਕਮੀ ਹੈ, ਉਸ ਲਿਹਾਜ ਨਾਲ ਅਸੀਂ ਕਿਤੇ ਵੱਧ ਅਨੁਸਾਸ਼ਤ ਹਾਂ। ਇਹੋ ਗੱਲ ਸਫਾਈ ਤੇ ਵੀ ਢੁਕਦੀ ਹੈ।
ਕੈਨੇਡਾ ਦੀ ਜਿ਼ੰਦਗੀ ਜਿਵੇਂ ਵੇਖਣ ਨੂੰ ਲਗਦੀ ਹੈ,ਅਸਲੀਅਤ ਵਿਚ ਓਵੇਂ ਨਹੀਂ ਹੈ। ਇਸ ਬਾਰੇ ਮੈਡਮ ਬਰਾੜ (ਡਾ| ਬਲਵਿੰਦਰ ਕੌਰ ਬਰਾੜ) ਚੁਟਕਲਾ ਸੁਣਾਉਂਦੇ ਹਨ ਕਿ ਇਕ ਵਾਰ ਇਕ ਬੰਦਾ ਮਰ ਕੇ ਧਰਮ ਰਾਜ ਕੋਲ ਚਲਾ ਗਿਆ ਤਾਂ ਉਸਦੇ ਚੰਗੇਮੰਦੇ ਕਰਮਾਂ ਦਾ ਹਿਸਾਬ ਕਿਤਾਬ ਬਰਾਬਰ ਨਿਕਲਿਆ। ਉਸ ਨੂੰ ਖੁੱਲ੍ਹ ਦਿੱਤੀ ਗਈ ਕਿ ਉਹ ਸਵਰਗ ਨਰਕ ਵਿਚੋਂ ਆਪਣੀ ਮਰਜੀ ਨਾਲ ਚੋਣ ਕਰ ਸਕਦਾ ਹੈ। ਉਸ ਨੇ ਦੋਵੇਂ ਵੇਖਣ ਦੀ ਚਾਹਨਾ ਪਰਗਟ ਕੀਤੀ। ਉਸ ਨੇ ਵੇਖਿਆ ਕਿ ਸਵਰਗ ਵਿਚ ਚੁੱਪਚਾਪ ਸਫੈਦ ਕੱਪੜੇ ਪਹਿਨੀ ਬੈਠੇ ਬੰਦੇ ਭਗਤੀ ਵਿਚ ਮਗਨ ਸਨ। ਕੋਈ ਹਿਲਜੁਲ ਜਾਂ ਸ਼ੋਰਸ਼ਰਾਬਾ ਨਹੀਂ ਸੀ। ਉਸ ਨੂੰ ਇਹ ਜਗਤ ਬੜਾ ਬੋਰ ਲੱਗਿਆ। ਦੂਜੇ ਪਾਸੇ ਨਰਕ ਵਿਚ ਸ਼ਰਾਬ ਦੀਆਂ ਨਦੀਆਂ ਸਨ, ਕਬਾਬ ਦੀ ਮਹਿਕ ਸੀ, ਹੁਸਨ ਦੇ ਜਲਵੇ ਸਨ, ਰੰਗਰਾਗ ਸੀ, ਜਿ਼ੰਦਗੀ ਧੜਕਦੀ ਸੀ। ਹਰ ਪਾਸੇ ਖੁਸ਼ੀ ਹੀ ਖੁਸ਼ੀ ਸੀ। ਉਸ ਨੇ ਝੱਟਪੱਟ ਨਰਕ ਲਈ ਹਾਂ ਕਰ ਦਿੱਤੀ। ਜਿਉਂ ਹੀ ਸਵਰਗ ਨਰਕ ਨੂੰ ਵੰਡਦਾ ਦਰਵਾਜਾ ਬੰਦ ਹੋਇਆ ਤਾਂ ਸਾਰੀਆਂ ਸੁਖ ਸਹੂਲਤਾਂ ਛਾਈਂਮਾਈਂ ਹੋ ਗਈਆਂ। ਉਸ ਨੂੰ ਚੱਕੀ ਪੀਸਣ ਬਿਠਾ ਦਿੱਤਾ ਗਿਆ ਅਤੇ ਕਹਿ ਦਿੱਤਾ ਗਿਆ ਜਦੋਂ ਤਕ ਕੋਈ ਹੋਰ ਨਹੀਂ ਆ ਜਾਂਦਾ, ਬੈਠ ਕੇ ਚੱਕੀ ਪੀਹ। ਜਦੋਂ ਉਸ ਨੇ ਰੌਲ਼ਾ ਪਾਇਆ ਕਿ ਮੈਨੂੰ ਦਿਖਾਇਆ ਤਾਂ ਹੋਰ ਸੀ ਪਰ ਹੁਣ ਕੋਈ ਹੋਰ ਕੰਮ ਕਰਵਾਈ ਜਾਂਦੇ ਹੋ? ਤਾਂ ਜਮਦੂਤਾਂ ਨੇ ਦੱਸਿਆ ਕਿ ਉਦੋਂ ਤੂੰ ਵਿਜ਼ਟਰ ਵੀਜ਼ੇ ਤੇ ਆਇਆ ਸੀ। ਹੁਣ ਪੱਕਾ ਵਸਨੀਕ ਏਂ। ਕੰਮ ਦੀ ਚੱਕੀ ਤਾਂ ਅਗਲੀ ਸਿ਼ਫਟ ਤਕ ਪੀਸਣੀ ਪਵੇਗੀ ! ਇਹ ਚੁਟਕਲਾ ਪਰਵਾਸੀ ਕੈਨੇਡੀਅਨ ਦੀ ਸਾਰੀ ਅਸਲੀਅਤ ਨੂੰ ਪਰਗਟ ਕਰ ਦਿੰਦਾ ਹੈ। ਬਿਨਾ ਸ਼ੱਕ ਸਾਡੇ ਪੰਜਾਬੀ ਉਥੇ ਜਾ ਕੇ ਸਖਤ ਮਿਹਨਤ ਕਰਦੇ ਹਨ ਅਤੇ ਸੁਖ ਸਹੂਲਤਾਂ ਵੀ ਮਾਣਦੇ ਹਨ ਪਰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਇਹੀ ਸਖਤ ਮਿਹਨਤ ਪੰਜਾਬ ਵਿਚ ਕਰਨੋਂ ਕਿਉਂ ਕਤਰਾਉਂਦੇ ਹਨ? ਇਸ ਦਾ ਜਵਾਬ ਇਕੋ ਮਿਲਦਾ ਹੈ ਕਿ ਇਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ। ਪਰ ਕੀ ਉਥੇ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੈ? ਕੀ ਉਥੇ ਸੋਸ਼ਣ ਨਹੀਂ ਹੁੰਦਾ? ਜਾਂ ਕੀ ਇਥੇ ਮਿਹਨਤ ਦਾ ਪੂਰਾ ਮੁੱਲ ਲੈਣ ਲਈ ਸੰਘਰਸ਼ ਕਰਨਾ ਨਹੀਂ ਬਣਦਾ? ਇਹ ਪ੍ਰਸ਼ਨ ਉਸ ਸਮੇਂ ਹੋਰ ਵੀ ਮੂੰਹਜ਼ੋਰ ਹੋ ਜਾਂਦੇ ਹਨ। ਜਦੋਂ ਦੇਖੀਦਾ ਹੈ ਕਿ ਪੰਜਾਬ ਦੇ ਬਹੁਤ ਸੰਘਰਸ਼ਸ਼ੀਲ ਭਗੌੜੇ ਹੋ ਕੇ ਕੈਨੇਡਾ ਵਿਚ ਪਨਾਹ ਲਈ ਬੈਠੇ ਹਨ।
ਪੰਜਾਬੋਂ ਇਕ ਨਵਾਂ ਗਿਆ ਮਿੱਤਰ ਘਰ ਦੇ ਅੰਦਰ ਦਰਵਾਜੇ ਕੋਲ ਜੋੜੇ ਉਤਾਰੇ ਦੇਖ ਕੇ ਛੇਤੀ ਛੇਤੀ ਜੁੱਤੀ ਉਤਾਰਕੇ ਸਿਰ ਤੇ ਰੁਮਾਲ ਬੰਨਣ ਲੱਗ ਪਿਆ ਤੇ ਪੁੱਛਣ ਲੱਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੜੇ ਕਮਰੇ ਵਿਚ ਹੈ? ਘਰਦਿਆਂ ਨੇ ਦੱਸਿਆ ਕਿ ਆਪਣੇ ਘਰ ਤਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੀ ਨਹੀਂ ! ਤਾਂ ਉਹ ਪੁੱਛਣ ਲੱਗਾ ਭਾਈ ਫੇਰ ਜੋੜੇ ਕਾਹਤੋਂ ਬਾਹਰ ਲਾਹੇ ਹਨ? ਅਸਲ ਵਿਚ ਸਾਰੇ ਕੈਨੇਡੀਅਨ ਘਰਾਂ ਵਿਚ ਰਿਵਾਜ ਹੈ ਕਿ ਜੁੱਤੀਆਂ ਬਾਹਰ ਦਰਵਾਜੇ ਕੋਲ ਉਤਾਰ ਕੇ ਅੰਦਰ ਜਾਇਆ ਜਾਂਦਾ ਹੈ। ਇਸ ਨਾਲ ਘਰ ਵਿਚ ਸਫਾਈ ਰਹਿੰਦੀ ਹੈ। ਇਹ ਅਕਸਰ ਆਖਿਆ ਜਾਂਦਾ ਹੈ ਕਿ ਦੁਨੀਆਂ ਭਰ ਦੇ ਲੋਕ ਇਹੀ ਸੋਚਦੇ ਰਹਿੰਦੇ ਹਨ ਕਿ ਸਫਾਈ ਕਰਨ ਦੇ ਸੌਖੇ ਤੋਂ ਸੌਖੇ ਤਰੀਕੇ ਕਿਵੇਂ ਲੱਭੇ ਜਾਣ ਪਰ ਜਪਾਨੀ ਲੋਕ ਸਦਾ ਇਹ ਸੋਚਦੇ ਹਨ ਕਿ ਗੰਦ ਕਿਵੇਂ ਘੱਟ ਤੋਂ ਘੱਟ ਪਾਇਆ ਜਾਵੇ। ਪਤਾ ਨਹੀਂ ਵਿਚਾਰ ਕਿਵੇਂ ਕੈਨੇਡਾ ਵਾਲਿ਼ਆਂ ਨੇ ਅਪਣਾ ਲਿਆ। ਸ਼ਾਇਦ ਇਸਦਾ ਕਾਰਨ ਇਹ ਹੋਵੇ ਕਿ ਇੰਡੀਆ ਵਾਂਗ ਉਥੇ ਮੱਧਵਰਗੀ ਘਰਾਂ ਵਿਚ ਮਾਈਆਂ ਤਾਂ ਰੱਖਣੀਆਂ ਸੰਭਵ ਨਹੀਂ ਪਰ ਸਫਾਈ ਆਪ ਜ਼ਰੂਰ ਕਰਨੀ ਪੈਂਦੀ ਹੈ। ਇਹ ਗੱਲ ਲਿਖਦਿਆਂ ਸ਼ਰਮ ਆਉਂਦੀ ਹੈ ਕਿ ਇਹ ਗੱਲ ਉਨ੍ਹਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਕਿਉਂਕਿ ਆਧੁਨਿਕਤਾ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਘਰਾਂ ਵਿਚ ਵੀ ਇਹੋ ਰਿਵਾਜ ਸੀ ਕਿ ਚੌਂਕੇ ਵਿਚ ਜੁੱਤੀ ਲੈ ਕੇ ਚੜ੍ਹਨਾ ਵਰਜਿਤ ਸੀ। ਸ਼ਾਇਦ ਅਸੀਂ ਇਹ ਗੱਲ ਭੁੱਲ ਚੁੱਕੇ ਹਾਂ। ਚਲੋ ਮੁੜ ਅਪਣਾ ਲੈਣ ਵਿਚ ਕੀ ਹਰਜ਼ ਹੈ?
ਉਥੋਂ ਦੀਆਂ ਉੱਚੀਆਂ ਇਮਾਰਤਾਂ ਪਹਿਲੀ ਨਜ਼ਰੇ ਵਿਅਕਤੀ ਨੂੰ ਹੈਰਾਨ ਕਰਦੀਆਂ ਹਨ ਪਰ ਜਦੋਂ ਤੁਸੀਂ ਉਨ੍ਹਾਂ ਨੂੰ ਲਗਾਤਾਰ ਇਕ ਟਕ ਦੇਖਦੇ ਹੋ ਤਾਂ ਛੇਤੀ ਹੀ ਤੁਹਾਡਾ ਚਿੱਤ ਉਕਤਾਉਣ ਲੱਗ ਪੈਂਦਾ ਹੈ। ਸੰਸਾਰ ਦੀ ਕਦੇ ਸਭ ਤੋਂ ਉਚੀ ਅਤੇ ਹੁਣ ਦੂਜੇ ਨੰਬਰ ਦੀ ਇਮਾਰਤ ਸੀ|ਐਨ|ਟਾਵਰ ਤੇ ਚੜ੍ਹ ਕੇ ਹੇਠਾਂ ਦੇਖਿਆਂ ਸ਼ੀਸ਼ੇ ਦੀਆਂ ਡੱਬੀਆਂ ਵਰਗੀਆਂ ਇਕੋ ਜਿਹੀਆਂ ਇਮਾਰਤਾਂ ਕਲਾ ਪੱਖੋਂ ਊਣੀਆਂ ਜਾਪਦੀਆਂ ਹਨ। ਕੰਕਰੀਟ,ਸਟੀਲ ਅਤੇ ਸ਼ੀਸ਼ੇ ਨਾਲ ਬਣਾਈਆਂ ਇਹ ਇਮਾਰਤਾਂ ਕਲਾਤਮਿਕ ਸੁਹਜ ਤੋਂ ਸੱਖਣੀਆਂ ਮਸ਼ੀਨੀ ਸਭਿਅਤਾ ਦਾ ਪ੍ਰਤੀਕ ਜਾਪਦੀਆਂ ਹਨ ਜਿਸ ਵਿਚ ਕੁਝ ਵੀ ਸੁਹਜਾਤਮਿਕ ਨਹੀਂ। ਭਾਰਤ ਵਿਚ ਸਰਕਾਰੀ ਕਲੋਨੀਆਂ ਅਤੇ ਚੰਡੀਗੜ੍ਹ ਨੂੰ ਛੱਡ ਕੇ ਸਭ ਕੁਝ ਰੰਗਬਿਰੰਗਾ ਹੈ ਜਿਸ ਵਿਚ ਹਰ ਵਿਅਕਤੀ ਨੇ ਆਪਣੀ ਕਲਾਤਮਿਕ ਸੁਹਜ ਨਾਲ ਰੰਗ ਭਰੇ ਹਨ। ਉਥੇ ਆਮ ਕਰਕੇ ਘਰਾਂ,ਫੈਕਟਰੀਆਂ ਅਤੇ ਸ਼ਾਪਿੰਗ ਮਾਲਾਂ ਵਿਚ ਬਾਹਰੋਂ ਵੇਖਣ ਨੂੰ ਕੋਈ ਫਰਕ ਨਹੀਂ। ਵਿਅਕਤੀਗਤ ਘਰ ਅਤੇ ਬੰਗਲੇ ਜ਼ਰੂਰ ਕੁਝ ਵੱਖਰੇ ਹਨ ਪਰ ਆਮ ਕਰਕੇ ਨਿੱਜੀ ਘਰ ਵੀ ਕੰਪਨੀਆਂ ਨੇ ਬਣਾਏ ਹੋਣ ਕਰਕੇ ਉਪਯੋਗੀ ਭਾਵੇਂ ਕਿੰਨੇ ਮਰਜੀ ਹੋਣ ਪਰ ਸੁਹਜਾਤਮਿਕ ਪੱਖੋਂ ਮਨ ਨੂੰ ਟੁੰਬਦੇ ਨਹੀਂ। ਮੌਜੂਦਾ ਸਮੇਂ ਵਿਚ ਜਿਵੇਂ ਅਸੀਂ ਉਨ੍ਹਾਂ ਤੋਂ ਟਾਊਨ ਪਲੈਨਿੰਗ ਦਾ ਗੁਰ ਸਿੱਖ ਰਹੇ ਹਾਂ ਉਸੇ ਤਰ੍ਹਾਂ ਉਨ੍ਹਾਂ ਨੂੰ ਸਾਡੇ ਮੁਲਕ ਤੋਂ ਵਿਅਕਤੀਗਤ ਸੁਹਜ ਪਸੰਦੀ ਸਿੱਖਣ ਦੀ ਜ਼ਰੂਰਤ ਹੈ।
ਕੈਨੇਡਾ ਵਿਚ ਇਸ ਸਮੇਂ ਸਮਾਜ ਨੂੰ ਪ੍ਰਬੰਧ ਨੇ ਲੱਗਭਗ ਬੇਦਖਲ ਕਰ ਦਿੱਤਾ ਹੈ। ਸਾਡਾ ਸ਼ਾਇਰ ਮਿੱਤਰ ਸੁਖਪਾਲ ਇਸ ਗੱਲੋਂ ਬਹੁਤ ਦੁਖੀ ਸੀ।ਉਥੇ ਕੋਈ ਸੜਕ ਐਕਸੀਡੈਂਟ ਸਮੇਂ ਡਿੱਗੇ ਨੂੰ ਨਹੀਂ ਚੁੱਕਦਾ ਸਗੋਂ ਬੰਦੇ ਨੂੰ ਚੁੱਕਣ ਪ੍ਰਬੰਧ ਪਹੁੰਚਦਾ ਹੈ। ਪ੍ਰਬੰਧ ਅੰਦਰ ਤਰਸ ਨਹੀਂ ਜਿ਼ੰਮੇਵਾਰੀ ਹੁੰਦੀ ਹੈ। ਇਨਸਾਨੀਅਤ ਨਹੀਂ ਡਿਉਟੀ ਹੁੰਦੀ ਹੈ।ਇਸੇ ਤਰ੍ਹਾਂ ਕਿਸੇ ਮੁਸੀਬਤ ਸਮੇਂ ਕੋਈ ਗੁਆਂਢੀ ਨਹੀਂ ਪਹੁੰਚਦਾ ਸਗੋਂ ਪੁਲਿਸ ਜਾਂ ਐਂਬੂਲੈਂਸ ਪਹੁੰਚਦੀ ਹੈ ਤਾਂ ਗੁਆਂਢੀਆਂ ਨੂੰ ਪਤਾ ਲਗਦਾ ਹੈ ਕਿ ਗੁਆਂਢੀਆਂ ਤੇ ਕੋਈ ਮੁਸੀਬਤ ਆਈ ਸੀ। ਨਿਸ਼ਚੇ ਹੀ ਵਿਅਕਤੀ ਸਹਾਇਤਾ ਕਰੇ ਨਾ ਕਰੇ ਪ੍ਰਬੰਧ ਸਹਾਇਤਾ ਕਰਦਾ ਹੈ। ਪ੍ਰਬੰਧ ਵਿਅਕਤੀ ਨਾਲੋਂ ਵਧੇਰੇ ਸਬੰਧਤ ਕੰਮ ਵਿਚ ਮੁਹਾਰਤ ਵੀ ਰਖਦਾ ਹੈ ਅਤੇ ਇਸ ਦੇ ਬਾਵਜੂਦ ਪ੍ਰਬੰਧ ਮਾਨਵੀ ਛੁਹ ਤੋਂ ਕੋਰਾ ਹੁੰਦਾ ਹੈ। ਸਰੀਰਕ ਤੌਰ ਤੇ ਅਸਮਰਥ ਵਿਅਕਤੀਆਂ ਲਈ ਪ੍ਰਬੰਧ ਨੇ ਐਨੇ ਪ੍ਰਬੰਧ ਕਰ ਰੱਖੇ ਹਨ ਕਿ ਹਰ ਥਾਂ ਤੇ ਉਹ ਪਹੁੰਚ ਸਕਦੇ ਹਨ। ਹਰ ਥਾਂ ਤੇ ਉਨ੍ਹਾਂ ਦੀ ਕਾਰ ਜਾਂ ਵੀਲ਼ ਚੇਅਰ ਜਾਣ ਦਾ ਪ੍ਰਬੰਧ ਹੈ। ਇਸਦੇ ਬਾਵਜੂਦ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰਦਾ ਅਤੇ ਇਸ ਲਈ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਉਂ ਉਨ੍ਹਾਂ ਦੀ ਸਹਾਇਤਾ ਕਰਨ ਤੇ ਸਵੈਮਾਣ ਤੇ ਸੱਟ ਵਜਦੀ ਹੈ। ਸ਼ਾਇਦ ਇਹ ਗੱਲ ਇਉਂ ਹੀ ਹੋਵੇ ਪਰ ਮੈਨੂੰ ਇਹ ਬੰਦੇ ਤੋਂ ਬੰਦੇ ਨੂੰ ਤੋੜਨ ਵਾਲ਼ੀ ਗੱਲ ਲੱਗੀ। ਸੋ ਕੈਨੇਡਾ ਵਿਚ ਪੰਜਾਬ ਦੀ ਤਰ੍ਹਾਂ ਬੰਦਾ ਹੀ ਬੰਦੇ ਦਾ ਦਾਰੂ ਨਹੀਂ ਸਗੋਂ ਪ੍ਰਬੰਧ ਦਾਰੂ ਹੈ। ਉਥੋਂ ਦੇ ਲੋਕਾਂ ਨੂੰ ਪ੍ਰਬੰਧ ਤੇ ਵਧੇਰੇ ਭਰੋਸਾ ਹੈ। ਇਹ ਗੱਲ ਬੜੀ ਅਜੀਬ ਜਾਪੀ ਕਿ ਜਿੱਥੇ ਸਾਡੇ ਦੇਸ਼ ਵਿਚ ਬੰਦਿਆਂ ਨੂੰ ਸਰਕਾਰ ਤੇ ਭੋਰਾ ਭਰ ਵੀ ਯਕੀਨ ਨਹੀਂ। ਉਥੇ ਕੈਨੇਡੀਅਨ ਲੋਕ ਸਰਕਾਰ ਤੇ ਏਨਾ ਯਕੀਨ ਕਰਦੇ ਹਨ ਕਿ ਇਸ ਗੱਲ ਦੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਮੈਨੂੰ ਆਪਣੀ ਕੈਨੇਡਾ ਫੇਰੀ ਦੌਰਾਨ ਬਹੁਤੇ ਗ਼ੈਰਪੰਜਾਬੀਆਂ ਨੂੰ ਤਾਂ ਮਿਲਣ ਦਾ ਮੌਕਾ ਨਹੀਂ ਮਿਲਿਆ। ਸੋ ਉਨ੍ਹਾਂ ਦੇ ਵਿਚਾਰ ਤਾਂ ਅਖ਼ਬਾਰਾਂ ਤੇ ਟੈਲੀਵਿਜ਼ਨ ਰਾਹੀਂ ਹੀ ਪ੍ਰਾਪਤ ਹੋਏ ਹਨ ਪਰ ਸਾਡੇ ਬਹੁਤੇ ਕੈਨੇਡੀਅਨ ਪੰਜਾਬੀ ਭਰਾਵਾਂ ਨੂੰ ਤਾਂ ਰੱਬ ਤੋਂ ਵੱਧ ਕੈਨੈਡੀਅਨ ਪ੍ਰਬੰਧ ਤੇ ਯਕੀਨ ਹੈ।
ਮੈਨੂੰ ਜਾਪਦਾ ਹੈ ਕਿ ਕਿਤੇ ਨਾ ਕਿਤੇ ਗੜਬੜੀ ਹੈ। ਉਹ ਪ੍ਰਬੰਧ ਦੇ ਅੰਦਰ ਦੀ ਸੋਸ਼ਣਕਾਰੀ ਨੂੰ ਪਛਾਣਨ ਤੋਂ ਹੀ ਅਸਮਰਥ ਹਨ। ਜੇ ਕੇਵਲ ਖਾਣ ਵਾਲੀਆਂ ਵਸਤਾਂ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਫਿਸ਼ਰੀ ਮਨਿਸਟਰ ਫਰੇਜ਼ਰ ਨੇ ਸਭ ਕੁਝ ਜਾਣਦੇ ਹੋਏ ਗਲੀਸੜੀ ਟੂਨਾ ਮੱਛੀ ਜੋ ਜਾਨਵਰਾਂ(ਬਿੱਲੀਆਂ)ਦੇ ਖਾਣ ਯੋਗ ਵੀ ਨਹੀਂ ਸੀ, ਮਨੁੱਖਾਂ ਨੂੰ ਖਾਣ ਲਈ ਯੋਗ ਕਰਾਰ ਦੇ ਦਿੱਤੀ। ਇਸ ਸਕੈਂਡਲ ਦੇ ਨੰਗਾ ਹੋ ਜਾਣ ਨਾਲ ਮੰਤਰੀ ਨੂ੍ਵੰ ਉਸ ਵੇਲੇ ਤਾਂ ਭਾਵੇਂ ਅਸਤੀਫਾ ਦੇਣਾ ਪਿਆ ਪਰ ਕੁਝ ਸਾਲਾਂ ਬਾਅਦ ਉਸੇ ਮੰਤਰੀ ਨੂੰ ਹਾਊਸ ਆਫ਼ ਕਾਮਨ ਦਾ ਸਪੀਕਰ ਬਣਾ ਦਿੱਤਾ ਗਿਆ ਪਰ ਸਬੰਧਤ ਸਿਟਾਰਕਿਸਟ ਕੰਪਨੀ ਦੇ ਬੰਦ ਹੋਣ ਕਾਰਨ ਚਾਰ ਸੌ ਵਰਕਰ ਨੌਕਰੀ ਗੁਆ ਬੈਠੇ।
ਅਸੀਂ ਸਿਰਫ ਬਾਹਰੀ ਦਿੱਖ ਨੂੰ ਹੀ ਸਭ ਕੁਝ ਸਮਝ ਬੈਠਦੇ ਹਨ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਅਮਰੀਕਾ ਦਾ ਰਾਸ਼ਟਰਪਤੀ ਆਪਣੇ ਹੀ ਦਫਤਰ ਦੀ ਕੱਚੀ ਮੁਲਾਜ਼ਮ ਨਾਲ ਕਿਹੋ ਜਿਹੇ ਚੰਨ ਚਾੜ੍ਹਦਾ ਰਿਹਾ। ਕੈਨੇਡਾ ਦੀ ਜੱਜ ਸਾਡੇ ਪੰਜਾਬੀ ਭਰਾ ਨਾਲ ਅੱਖ ਮਟੱਕੇ ਅਧੀਨ ਗਲਤ ਫੈਸਲੇ ਕਰਦੀ ਰਹੀ। ਕਿਵੇਂ ਵਾਟਰ ਗੇਟ ਸਕੈਂਡਲ ਹੋਏ, ਕਿਵੇਂ ਹੁਣ ਵੀ ਵੱਡਾ ਮਾਫੀਆ ਗ਼ੈਰਕਾਨੂੰਨੀ ਡਰੱਗ, ਸ਼ਹਿਰੀ ਜਾਇਦਾਦਾਂ, ਹਥਿਆਰਾਂ ਦਾ ਕਾਰੋਬਾਰ ਕਰ ਰਿਹਾ ਹੈ ਅਤੇ ਕਿਵੇਂ ਵੱਡੀ ਪੱਧਰ ਤੇ ਸਮੂਹਿਕ ਕੈਨੇਡੀਅਨ ਕਾਮਿਆਂ ਦਾ ਵਖ ਵਖ ਥਾਵਾਂ ਤੇ ਸੋਸ਼ਣ ਹੋ ਰਿਹਾ ਹੈ। ਆਪਣੇ ਬਹੁਤੇ ਲੋਕ ਸਿਰਫ ਪਟਵਾਰੀ, ਥਾਣੇਦਾਰ ਅਤੇ ਕਲਰਕ ਵੱਲੋਂ ਲਈ ਹੇਠਲੀ ਪੱਧਰ ਤੇ ਰਿਸ਼ਵਤ ਰੁਕ ਜਾਣ ਤੇ ਹੀ ਖੁਸ਼ ਹਨ। ਬਿਨਾ ਸ਼ੱਕ ਹਰ ਪੱਧਰ ਤੇ ਬੇਈਮਾਨੀ, ਨਾਇਨਸਾਫੀ, ਰਿਸ਼ਵਤਖੋਰੀ ਬੰਦ ਹੋਣੀ ਚਾਹੀਦੀ ਹੈ ਪਰ ਸਿਰਫ ਹੇਠਲੇ ਪੱਧਰ ਤੇ ਖਤਮ ਕਰਕੇ ਉਪਰਲੇ ਪੱਧਰ ਤੇ ਲਈ ਜਾਣ ਨੂੰ ਚੰਗਾ ਪ੍ਰਬੰਧ ਸਮਝਣਾ ਮੂਰਖਾਂ ਦੇ ਬਹਿਸ਼ਤ ਵਿਚ ਰਹਿਣ ਵਾਲ਼ੀ ਗੱਲ ਹੈ।
ਕੈਨੇਡਾ ਵਿਚ ਗੁਰਦੁਆਰਿਆਂ ਨੂੰ ਗੁਰੂ ਘਰ ਕਹਿਣ ਦਾ ਰਿਵਾਜ ਹੈ। ਇਹ ਗੁਰੂ ਘਰ ਕੇਵਲ ਧਾਰਮਿਕ ਸਥਾਨ ਹੀ ਨਹੀਂ ਸਗੋਂ ਪੰਜਾਬੀਆਂ ਦੀ ਸਮਾਜਿਕ ਜਿ਼ੰਦਗੀ ਦਾ ਧੁਰਾ ਰਹੇ ਹਨ ਅਤੇ ਪਹਿਲੀ ਪੀੜ੍ਹੀ ਨੂੰ ਮਾਨਸਿਕ ਸਹਾਰੇ ਦੇ ਨਾਲ ਨਾਲ ਸਿਰ ਲਈ ਓਟਆਸਰਾ ਵੀ ਦਿੱਤਾ। ਉਥੋਂ ਦੇ ਗੁਰੂ ਘਰਾਂ ਵਿਚ ਨਿਸ਼ਾਨ ਸਾਹਿਬ ਹਾਈਡਰੌਲਿਕ ਮਸ਼ੀਨ ਨਾਲ ਜੁੜੇ ਹੁੰਦੇ ਹਨ। ਸਿੱਟੇ ਵਜੋਂ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਣ ਸਮੇਂ ਸੌਖਿਆਈ ਰਹਿੰਦੀ ਹੈ। ਪੰਜਾਬ ਵਿਚ ਲੱਗਭਗ ਹਰ ਸਾਲ ਕਿਤੇ ਨਾਲ ਕਿਤੇ ਚੋਲਾ਼ ਚੜ੍ਹਾਉਣ ਸਮੇਂ ਹਾਦਸਾ ਹੋ ਕੇ ਦੁਖਦਾਈ ਘਟਨਾ ਵਾਪਰ ਜਾਂਦੀ ਹੈ। ਇਸ ਪੱਖੋਂ ਇਹ ਸਿਸਟਮ ਅਪਣਾ ਲੈਣਾ ਚੰਗਾ ਹੋਵੇਗਾ। ਇਹ ਗੱਲ ਵੀ ਬੜੀ ਚੰਗੀ ਲੱਗੀ ਕਿ ਟਰਾਂਟੋ ਦੇ ਸਿੱਖਾਂ ਨੇ ਦਾਨ ਦੇ ਕੇ ਇਕ ਹਸਪਤਾਲ ਦੀ ਐਮਰਜੈਂਸੀ ਦਾ ਨਾਂ ਗੁਰੂ ਨਾਨਕ ਐਮਰਜੈਂਸੀ ਰਖਵਾਇਆ। ਮੈਨੂੰ ਇਹ ਵੇਖ ਕੇ ਮਾਲਟਨ ਜਾਂ ਡਿਕਸੀ ਦੇ ਵੱਡੇ ਗੁਰੂ ਘਰਾਂ ਨਾਲੋਂ ਵੀ ਵੇਖਣ ਤੋਂ ਵੱਧ ਸਕੂਨ ਮਿਲਿਆ। ਸਾਨੂੰ ਅਜਿਹੀਆਂ ਪਰੰਪਰਾਵਾਂ ਦਾ ਅਨੁਕਰਨ ਕਰਨਾ ਚਾਹੀਦਾ ਹੈ।
ਆਪਣੇ ਪੰਜਾਬੀ ਭਾਈਵੰਦ ਨੇ ਅੰਗਰੇਜ਼ ਕੌਮ ਬਾਰੇ ਇਕ ਹਾਸੇ ਵਿਚ ਗੱਲ ਸੁਣਾਈ ਕਿ ਇਹ ਬੱਚੇ ਦਾ ਗੰਦ ਤਾਂ ਬੱਚੇ ਨੂੰ ਚੁਕਾਈ ਰਖਦੇ ਹਨ ਪਰ ਕੁੱਤਿਆਂ ਦਾ ਖੁਦ ਚੁੱਕੀ ਫਿਰਦੇ ਹਨ। ਉਸ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਕੰਮਕਾਜੀ ਔਰਤਾਂ ਲੰਮਾ ਸਮਾਂ ਬੱਚਿਆਂ ਦੇ ਡਾਇਪਰ ਬੰਨ੍ਹੀ ਰਖਦੀਆਂ ਹਨ ਪਰ ਸਵੇਰੇ ਕੁੱਤਿਆਂ ਨੂੰ ਸੈਰ ਕਰਾਉਂਦੀਆਂ ਮੇਮਾਂ ਪੋਲੀਥੀਨ ਦਾ ਲਿਫਾਫਾ ਨਾਲ ਚੁੱਕੀ ਫਿਰਦੀਆਂ ਹਨ ਕਿਉਂਕਿ ਉਥੋਂ ਦੇ ਕਾਨੂੰਨ ਅਨੁਸਾਰ ਕੁੱਤੇ ਦੀ ਟੱਟੀ ਨੂੰ ਡਸਟਬਿਨ ਵਿਚ ਪਾਉਣਾ ਕੁੱਤੇ ਦੇ ਮਾਲਕ ਦੀ ਜਿ਼ੰਮੇਵਾਰੀ ਹੈ। ਅਕਸਰ ਉਥੇ ਬੱਚਿਆਂ ਨੂੰ ਸੰਗਲੀ ਪਾ ਕੇ ਰੱਖਣ ਦਾ ਰਿਵਾਜ ਹੈ ਪਰ ਫੁੱਟਪਾਥਾਂ ਤੇ ਸਿੱਖੇ ਕੁੱਤੇ ਮਾਲਕ ਨਾਲ ਅਠਖੇਲੀਆਂ ਕਰਦੇ ਹਨ। ਵੈਸੇ ਤਾਂ ਬੱਚੇ ਦੀ ਸੁਰੱਖਿਆ ਲਈ ਸੰਗਲੀ ਪਾ ਲੈਣੀ ਵਿਹਾਰਕ ਤੌਰ ਤੇ ਯੋਗ ਹੋਵੇਗੀ ਸ਼ਾਇਦ ਇਸੇ ਲਈ ਕਿਸੇ ਅੰਗਰੇਜ਼ੀ ਫਿਲਮ ਵਿਚ ਰਾਮ ਤੇ ਸ਼ਾਮ ਦੇ ਵਿਛੜਨ ਦੀ ਕਹਾਣੀ ਨਹੀਂ ਬਣਦੀ ਪਰ ਹੈ ਤਾਂ ਇਹ ਅਜੀਬ ਗੱਲ, ਤੁਸੀਂ ਸੋਚ ਕੇ ਵੇਖੋ।
ਜਿ਼ਆਦਾ ਖੇਤਰਫਲ ਅਤੇ ਘੱਟ ਆਬਾਦੀ ਕਾਰਨ ਵੈਸੇ ਤਾਂ ਕੈਨੇਡਾ ਦਾ ਵਾਤਾਵਰਨ ਬੜਾ ਸ਼ੁੱਧ ਹੈ ਪਰ ਉਹ ਇਸ ਨੂੰ ਹੋਰ ਵੀ ਸ਼ੁੱਧ ਰੱਖਣ ਲਈ ਬਹੁਤ ਚੇਤਨ ਹਨ ਅਤੇ ਇਹ ਵੀ ਸਮਝਦੇ ਹਨ ਕਿ ਦੁਨੀਆਂ ਭਰ ਵਿਚ ਹੀ ਵਾਤਾਵਰਨ ਪ੍ਰਤੀ ਚੇਤਨਾ ਹੋਣੀ ਚਾਹੀਦੀ ਹੈ। ਇਸ ਲਈ ਬੜੇ ਪ੍ਰੇਰਨਾਦਾਇਕ ਅਤੇ ਕਰੜੇ ਕਾਨੂੰਨ ਹਨ। ਉਨ੍ਹਾਂ ਵਿਚੋਂ ਕੁਝ ਅਨੁਕਰਨਯੋਗ ਹਨ। ਉਥੇ ਕੁਝ ਸੜਕਾਂ ਉਪਰ ਕੁਝ ਲੇਨਾਂ ਵਿਚ ਕੇਵਲ ਉਹੀ ਗੱਡੀਆਂ ਚੱਲ ਸਕਦੀਆਂ ਹਨ ਜਿਨ੍ਹਾਂ ਵਿਚ ਇਕ ਤੋਂ ਵਧੇਰੇ ਬੰਦੇ ਬੈਠੇ ਹੋਣ। ਉਨ੍ਹਾਂ ਦੇ ਇਸ ਕਾਨੂੰਨ ਦਾ ਮੰਤਵ ਲੋਕਾਂ ਨੂੰ ਇਕੋ ਕਾਰ ਵਿਚ ਸਫਰ ਕਰਨ ਲਈ ਉਤਸ਼ਾਹਿਤ ਕਰਨਾ ਹੈ। ਕਿਉਂਕਿ ਅਜੇ ਇਸ ਲੇਨ ਵਿਚ ਟ੍ਰੈਫਿਕ ਘੱਟ ਹੁੰਦਾ ਹੈ ਅਤੇ ਵਿਅਕਤੀ ਮੰਜ਼ਲ ਤੇ ਜਲਦੀ ਪਹੁੰਚਦਾ ਹੈ। ਇਸੇ ਪ੍ਰਕਾਰ ਪਲਾਸਟਿਕ ਦੀ ਬਜਾਏ ਘਰੋਂ ਥੈਲਾ ਲੈ ਕੇ ਜਾਣ ਵਾਲੇ ਵਿਅਕਤੀਆਂ ਨੂੰ ਥੈਲਾ ਦਿਖਾਉਣ ਤੇ ਬਿਲ ਵਿਚ ਛੋਟ ਦਿੱਤੀ ਜਾਂਦੀ ਹੈ। ਇਸ ਦਾ ਮੰਤਵ ਵੀ ਯੂਜ਼ ਐਂਡ ਥਰੋ ਦੀ ਰੁਚੀ ਨੂੰ ਘਟਾ ਕੇ ਮੁੜ ਵਰਤੋਂ ਦੀ ਆਦਤ ਪਾਉਣਾ ਹੈ। ਇਥੇ ਫਿਰ ਮੈਨੂੰ ਆਪਣਾ ਪੁਰਾਣਾ ਪੰਜਾਬ ਯਾਦ ਆਇਆ ਕਿ ਅੱਜ ਤੋਂ ਤੀਹ ਸਾਲ ਪਹਿਲਾਂ ਸਾਰਾ ਪੰਜਾਬ ਸੌਦਾ ਲੈਣ ਲਈ ਘਰੋਂ ਝੋਲਾ ਲੈ ਕੇ ਜਾਂਦਾ ਸੀ। ਮਾਲਵੇ ਦੇ ਦੇ ਬੰਦੇ ਤਾਂ ਮੂਕੇ ਜਾਂ ਸਮੋਸੇ ਲੜ ਹੀ ਸਾਰਾ ਬਾਜ਼ਾਰ ਬੰਨ੍ਹ ਲਿਆਉਂਦੇ ਸਨ। ਬਹੁਕੌਮੀ ਕੰਪਨੀਆਂ ਦੇ ਪਰਚਾਰ ਕਰਦੇ ਇਕ ਵੰਨੀ ਦੇ ਲੋਗੋਆਂ ਦੀ ਥਾਵੇਂ ਪੰਜਾਬਣਾਂ ਦੇ ਰੀਝਾਂ ਨਾਲ ਕੱਢਾ ਮੋਰ ਤੋਤਿਆਂ ਦੇ ਝੋਲੇ ਅਜੇ ਵੀ ਸੰਦੂਕਾਂ ਵਿਚ ਪਏ ਹੋਣਗੇ। ਆਧੁਨਿਕਤਾ ਦੀ ਗੱਡੀ ਚੜ੍ਹੇ ਪੰਜਾਬ ਨੂੰ ਕੈਨੇਡਾ ਵੱਲ ਵੇਖ ਕੇ ਹੀ ਆਪਣਾ ਪੁਰਾਤਨ ਵਿਰਸਾ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਕੈਨੇਡਾ ਦੀ ਇਕ ਗੱਲ ਮੈਨੂੰ ਚੰਗੀ ਨਹੀਂ ਲੱਗੀ ਕਿ ਉਹ ਨਿੱਤਪ੍ਰਤੀ ਦੀ ਕਿਰਿਆ ਸੋਧਦਿਆਂ ਹੱਦੋਂ ਵੱਧ ਕਾਗਜ਼ ਖਰਾਬ ਕਰਦੇ ਹਨ। ਪਤਾ ਨਹੀਂ ਮੇਰੇ ਮਨ ਵਿਚ ਇਹ ਕਿਉਂ ਬੈਠਾ ਹੈ ਕਿ ਪਾਣੀ ਬਿਨਾ ਸਫਾਈ ਅਧੂਰੀ ਹੁੰਦੀ ਹੈ। ਪਬਲਿਕ ਥਾਵਾਂ ਤੇ ਹੱਥ ਸੁਕਾਉਣ ਲਈ ਜਿੰਨਾ ਕਾਗਜ਼ ਖਰਾਬ ਕੀਤਾ ਜਾਂਦਾ ਹੈ, ਉਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ। ਇਲੈਕਟ੍ਰਿਕ ਹੈਂਡ ਡਰਾਇਰ ਹੱਦੋਂ ਵੱਧ ਸ਼ੋਰ ਪਾਉਂਦੇ ਹਨ, ਬਿਜਲੀ ਦੀ ਖਪਤ ਕਰਦੇ ਹਨ ਅਤੇ ਹੱਥ ਸੁਕਾਉਣ ਵਿਚ ਫੇਰ ਵੀ ਦੇਰ ਹੁੰਦੀ ਹੈ। ਇਸ ਦੇ ਉਲਟ ਕਪੜੇ ਦਾ ਰੁਮਾਲ ਤੁਰਦਿਆਂ ਤੁਰਦਿਆਂ ਘੱਟ ਸਮੇਂ ਵਿਚ ਵੱਧ ਚੰਗੀ ਤਰ੍ਹਾਂ ਸੁਕਾਉਂਦਾ ਹੈ। ਸ਼ਾਇਦ ਇਸ ਨੂੰ ਹਾਈਜੈਨਿਕ ਨਹੀਂ ਮੰਨਿਆ ਜਾਂਦਾ ਪਰ ਮੇਰੇ ਖਿਆਲ ਵਿਚ ਹਰ ਰੋਜ਼ ਧੋਤਾ ਆਪਣਾ ਰੁਮਾਲ ਹਾਈਜੈਨਿਕ ਹੀ ਹੁੰਦਾ ਹੈ।
ਕੈਨੇਡਾ ਵਿਚ ਇਸ ਸਮੇਂ ਲੱਗਭਗ ਹਰ ਕਾਰ ਵਿਚ ਲੱਗਿਆ ਲਗਾਇਆ ਜੀ|ਪੀ|ਐਸ|ਸਿਸਟਮ ਆਉਂਦਾ ਹੈ ਅਤੇ ਪੁਰਾਣੀਆਂ ਵਿਚ ਇਹ ਜੰਤਰ ਬਾਹਰੋਂ ਲਗਾਇਆ ਜਾਂਦਾ ਹੈ। ਇਸ ਨਾਲ ਕਿਸੇ ਵੀ ਐਡਰੈਸ ਤੇ ਪਹੁੰਚਿਆ ਜਾ ਸਕਦਾ ਹੈ। ਸਕਰੀਨ ਉਪਰ ਨਕਸ਼ਾ ਵੀ ਆਉਂਦਾ ਰਹਿੰਦਾ ਹੈ ਅਤੇ ਸਪੀਕਰ ਰਾਹੀਂ ਆਵਾਜ਼ ਵੀ ਆਉਂਦੀ ਹੈ। ਭਾਰਤ ਵਿਚ ਅਜੇ ਇਹ ਪ੍ਰਚੱਲਤ ਨਹੀਂ ਹੋਇਆ। ਭਾਵੇਂ ਨਵੇਂ ਫੋਨਾਂ ਵਿਚ ਇਹ ਸੁਵਿਧਾ ਹੈ। ਇਸ ਜੰਤਰ ਦਾ ਨਾਂ ਪੰਜਾਬੀ ਕੈਨੇਡੀਅਨਾਂ ਨੇ ਗੁਰ ਪ੍ਰਤਾਪ ਸਿੰਘ(ਜੀ|ਪੀ|ਐਸ) ਰੱਖਿਆ ਹੋਇਆ ਹੈ। ਉਹ ਆਖਦੇ ਹਨ ਕਿ ਭਾਰਤ ਵਿਚ ਇਹੀ ਜੰਤਰ ਵਾਲਾ ਕੰਮ ਰਿਕਸ਼ੇ ਵਾਲ਼ਾ ਕਰ ਦਿੰਦਾ ਹੈ।
ਕੈਨੇਡਾ ਵਿਚ ਪਹਿਲੀ ਪੰਜਾਬੀ ਪੀੜ੍ਹੀ ਲੱਗਭਗ ਖਾਲੀ ਹੱਥ ਗਈ ਸੀ,ਅੱਜ ਉਹ ਚੰਗੀਆਂ ਜਾਇਦਾਦਾਂ ਦੇ ਮਾਲਕ ਹਨ ਅਤੇ ਚੰਗੀਆਂ ਸੁੱਖ ਸਹੂਲਤਾਂ ਮਾਣ ਰਹੇ ਹਨ। ਔਸਤਨ ਪੰਜਾਬੀ ਭਾਰਤ ਦੇ ਮੱਧ ਵਰਗੀ ਜੀਵਨ ਸ਼ੈਲੀ ਵਿਚ ਜੀਅ ਰਿਹਾ ਹੈ। ਕੁਝ ਪੰਜਾਬੀਆਂ ਨੇ ਤਰੱਕੀ ਕਰਕੇ ਉਥੋਂ ਦੀ ਆਰਥਿਕ ਤੌਰ ਤੇ ਅਮੀਰ ਸ਼੍ਰੇਣੀ ਅਤੇ ਸਿਆਸੀ ਸਭਿਆਚਾਰਕ ਖੇਤਰਾਂ ਵਿਚ ਪ੍ਰਭਾਵਸ਼ਾਲੀ ਵਿਅਕਤੀਆਂ ਵਿਚ ਆਪਣੀ ਥਾਂ ਬਣਾਈ ਹੈ। ਪੰਜਾਬੀਆਂ ਦੀ ਇਸ ਉਨਤੀ ਦਾ ਕਾਰਨ ਮੁਕਾਬਲਤਨ ਸਖਤ ਮਿਹਨਤ,ਸਾਂਝਾ ਪਰਿਵਾਰ ਅਤੇ ਬੱਚਿਆਂ ਦੀ ਸਿੱਖਿਆ ਵੱਲ ਧਿਆਨ ਦੇਣਾ ਹੈ। ਜਿੱਥੇ ਆਮ ਕੈਨੇਡੀਅਨ ਪਰਿਵਾਰਾਂ ਵਿਚ ਹਾਈ ਸਕੂਲ ਤੋਂ ਬਾਅਦ ਮਾਪੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕਦੇ ਉਥੇ ਪੰਜਾਬੀ ਮਾਪੇ ਮਰਦੇ ਦਮ ਤਕ ਬੱਚਿਆਂ ਦੀ ਸਹਾਇਤਾ ਕਰਦੇ ਹਨ। ਇਸ ਫੈਕਟਰ ਨੇ ਵੀ ਪਰਿਵਾਰਾਂ ਨੂੰ ਅੱਗੇ ਵਧਣ ਵਿਚ ਸਹਾਇਤਾ ਕੀਤੀ ਹੈ। ਅੱਜ ਵੈਨਕੂਵਰ,ਟਰਾਂਟੋ ਵਰਗੇ ਸ਼ਹਿਰਾਂ ਵਿਚ ਪੰਜਾਬੀਆਂ ਦੀ ਗਿਣਤੀ ਏਨੀ ਕੁ ਹੈ ਕਿ ਉਹ ਆਪਣੇ ਧਾਰਮਿਕ ਸਮਾਗਮਾ, ਸਭਿਆਚਾਰਕ ਪ੍ਰੋਗਰਾਮਾਂ, ਖੇਡ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਾ ਇਕੱਠ ਕਰ ਲੈਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਹਰ ਪੱਧਰ ਉਪਰ ਹੀ ਧੜੇਬੰਦੀ ਪੰਜਾਬ ਨਾਲੋਂ ਵੀ ਵੱਧ ਹੈ। ਇਕੋ ਦਿਨ ਇਕੋ ਸਮੇਂ ਜਿਦ ਜਿਦ ਕੇ ਟੂਰਨਾਮੈਂਟ ਹੁੰਦੇ ਹਨ। ਇਕ ਦੂਜੇ ਦੇ ਸਮਾਗਮਾਂ ਵਿਚ ਜਾਣ ਦੀ ਬਜਾਏ, ਨਾ ਜਾਣ ਲਈ ਸੁਨੇਹੇਂ ਲਗਦੇ ਹਨ। ਸ਼ਾਇਦ ਇਸ ਵਿਰੋਧ ਵਿਚੋਂ ਵਿਕਾਸ ਵੀ ਹੁੰਦਾ ਹੋਵੇਗਾ ਪਰ ਮੈਨੂੰ ਜਾਪਦਾ ਹੈ ਕਿ ਅਜੇ ਪੰਜਾਬੀਆਂ ਨੂੰ ਇਕ ਜੁੱਟ ਹੋ ਕੇ ਮੁੱਖ ਧਾਰਾ ਦੇ ਮੁਕਾਬਲੇ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਤੇ ਜੀਵਨ ਸ਼ੈਲੀ ਨੂੰ ਸਥਾਪਤ ਕਰਨਾ ਚਾਹੀਦਾ ਹੈ।
ਜਾਣਨਾ ਤਾਂ ਆਪਣਾ ਦੇਸ਼ ਹੀ ਬੜਾ ਮੁਸ਼ਕਲ ਹੈ। ਏਨੇ ਥੋੜ੍ਹੇ ਸਮੇਂ ਵਿਚ ਕਿਸੇ ਬਿਗਾਨੇ ਮੁਲਕ ਬਾਰੇ ਕੀ ਦੱਸਿਆ ਜਾ ਸਕਦਾ ਹੈ। ਐਵੇਂ ਬੱਸ ਮਨ ਵਿਚ ਜਿਨ੍ਹਾਂ ਗੱਲਾਂ ਦੀ ਤੁਲਨਾ ਆਈ ਕਰ ਦਿੱਤੀ। ਇਹ ਮੇਰੇ ਨਿੱਜੀ ਅਨੁਭਵ ਹਨ ਪਰ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਅਗਾਊਂ ਮੁਆਫੀ।ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਬਹੁਤ ਸਾਰੀਆਂ ਗੱਲਾਂ ਕੈਨੇਡਾ ਤੋਂ ਸਿੱਖ ਸਕਦਾ ਹੈ ਪਰ ਕੁਝ ਗੱਲਾਂ ਸਾਡੇ ਕੋਲ਼ ਪਹਿਲਾਂ ਹੀ ਸਨ। ਅਸੀਂ ਉਹ ਆਧੁਨਿਕਤਾ ਦੀ ਮਾਰ ਹੇਠ ਆ ਕੇ ਛੱਡ ਦਿੱਤੀਆਂ ਹਨ, ਉਨ੍ਹਾਂ ਨੂੰ ਪੁਨਰਸੁਰਜੀਤ ਕਰਨ ਦੀ ਲੋੜ ਹੈ। ਕੈਨੇਡਾ ਵਿਚ ਵੀ ਸਭ ਅੱਛਾ ਨਹੀਂ ਅਤੇ ਸਾਡੇ ਦੇਸ਼ ਵੀ ਸਾਰਾ ਬੁਰਾ ਨਹੀਂ। ਜੋ ਕੁਝ ਬਾਹਰ ਚੰਗਾ ਹੈ ਉਹ ਅਪਣਾ ਲੈਣਾ ਚਾਹੀਦਾ ਹੈ ਅਤੇ ਜੋ ਇਥੇ ਬੁਰਾ ਹੈ, ਉਸ ਨੂੰ ਹੂੰਝ ਦੇਣਾ ਚਾਹੀਦਾ ਹੈ। ਸਭਿਆਚਾਰ ਕੇ ਵਿਕਾਸ ਦਾ ਇਹੀ ਮਾਡਲ ਹੈ। ਆਪਣੇ ਲੋਕਾਂ ਨੂੰ ਪ੍ਰੇਰਨਾ ਦੇਣ ਲਈ ਤਾਂ ਇਹ ਗੱਲ ਚੰਗੀ ਹੈ ਕਿ ਕੈਨੇਡਾ ਦੇ ਸੁਚੱਜੇ ਪ੍ਰਬੰਧ ਦੀਆਂ ਸਿਫਤਾਂ ਕੀਤੀਆਂ ਜਾਣ ਪਰ ਧਿਆਨ ਦੇਣ ਦੀ ਲੋੜ ਹੈ ਕਿ ਕਿਤੇ ਇਉਂ ਕਰਦਿਆਂ ਕੈਨੇਡਾ ਦਾ ਸੋਸ਼ਣਕਾਰੀ ਪ੍ਰਬੰਧ ਅੱਖੋਂ ਓਹਲੇ ਨਾ ਹੋ ਜਾਵੇ ਅਤੇ ਭਾਰਤ ਦੇ ਲੋਕਾਂ ਵਿਚ ਇਹ ਹੀਣਤ ਨਾ ਭਰੀ ਜਾਵੇ ਕਿ ਇੱਥੇ ਕੁਝ ਨਹੀਂ ਹੋ ਸਕਦਾ। ਭਾਵੇਂ ਕੁਝ ਭਰਾ ਬਾਹਰ ਜਾ ਕੇ ਚੰਗੀ ਜਿ਼ੰਦਗੀ ਬਸ਼ਰ ਕਰ ਸਕਦੇ ਹਨ ਅਤੇ ਅੱਜ ਜਦੋਂ ਸੰਸਾਰ ਇਕ ਹੋਣ ਜਾ ਰਿਹਾ ਹੈ ,ਸਰਮਾਇਆ ਮੁਲਕੋ ਮੁਲਕੀ ਖੁੱਲ੍ਹਾ ਫਿਰਦਾ ਹੈ, ਉਦੋਂ ਬੰਦੇ ਦੇ ਪਰਵਾਸ ਤੇ ਵੀ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਉਸ ਨੂੰ ਵੀ ਆਪਣੇ ਮਨਮਰਜੀ ਦੇ ਥਾਂ ਜਾ ਕੇ ਰੋਟੀ ਕਮਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਪਰ ਇਕ ਗੱਲ ਪੱਕੀ ਹੈ ਕਿ ਬਹੁਗਿਣਤੀ ਪੰਜਾਬੀਆਂ ਨੇ ਇੱਥੇ ਹੀ ਰਹਿਣਾ ਹੈ ਤੇ ਉਨ੍ਹਾਂ ਨੂੰ ਇੱਥੇ ਹੀ ਚੰਗੇਰੀ ਜਿ਼ੰਦਗੀ ਲਈ ਸੋਚਣਾ ਪਵੇਗਾ।

Tuesday, August 30, 2011

‘ਭਾਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ’ ਵਿਸ਼ੇ ਉਪਰ ਇਕ ਰੋਜ਼ਾ ਨੈਸ਼ਨਲ ਸੈਮੀਨਾਰ


ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਭਾਈ ਕਾਨ੍ਹ ਸਿੰਘ ਨਾਭਾ ਦੇ 150ਵੇਂ ਜਨਮ ਦਿਵਸ ਮੌਕੇ ‘ਭਾਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ’ ਵਿਸ਼ੇ ਉਪਰ ਇਕ ਰੋਜ਼ਾ ਨੈਸ਼ਨਲ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਇਆ ਗਿਆ ।
ਸੈਮੀਨਾਰ ਦਾ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਜਿੱਥੇ ਨਵੇਂ ਢੰਗ ਨਾਲ ਪੰਜਾਬੀ ਵਿਚ ਚਾਰ ਭਾਗਾਂ ਚ ਛਾਪਿਆ ਜਾ ਰਿਹਾ ਹੈ ਓਥੇ ਇਸਨੂੰ ਅੰਗਰੇਜ਼ੀ ਅਤੇ ਹਿੰਦੀ ਵਿਚ ਵੀ ਅਨੁਵਾਦਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਮੁੱਖ ਲਾਇਬਰੇਰੀ ਜੋ ਭਾਈ ਸਾਹਿਬ ਦੇ ਨਾਂ ਤੇ ਬਣੀ ਹੋਈ ਹੈ ਉਸਨੂੰ ਦੋ ਕਰੋੜ ਖਰਚ ਕੇ ਏ.ਸੀ. ਕੀਤਾ ਜਾ ਚੁੱਕਾ ਹੈ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਹਰ ਸਾਲ 30 ਅਗਸਤ ਨੂੰ ਭਾਈ ਕਾਨ੍ਹ ਸਿੰਘ ਨਾਭਾ ਜਨਮ ਦਿਨ ਨੂੰ “ਪੰਜਾਬੀ ਕਿਤਾਬ ਦਿਵਸ” ਵਜੋਂ ਮਨਾਇਆ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ ਕੁਝ ਕੁ ਉਦਮ ਹਨ ਜੋ ਭਾਈ ਕਾਨ੍ਹ ਸਿੰਘ ਨਾਭਾ ਦੇ ਬਹੁਮੁਲੀ ਦੇਣ ਦਾ ਰਿਣ ਉਤਾਰਨ ਲਈ ਕੀਤਾ ਜਾ ਰਹੇ ਹਨ।
ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਇਸ ਮੌਕੇ ਸਵਾਗਤੀ ਸ਼ਬਦ ਬੋਲਦਿਆਂ ਭਾਈ ਕਾਨ੍ਹ ਸਿੰਘ ਨਾਭਾ ਦੀ ਬਹੁਪੱਖੀ ਸਖਸ਼ੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਸਾਹਿਬ ਮਹਾਨ ਵਿਦਵਾਨ, ਉੱਤਮ ਕੋਸ਼ਕਾਰ, ਸੰਜੀਦਾ ਨਿਆਂਕਾਰ, ਸੁਘੜ ਅਨੁਵਾਦਕ, ਚੰਗੇ ਪ੍ਰਬੰਧਕ ਅਤੇ ਸੁਲਝੀ ਹੋਈ ਸਖਸ਼ੀਅਤ ਸਨ। ਇਸ ਮੌਕੇ ਸੈਮੀਨਾਰ ਦੇ ਕੋਆਰਡੀਨੇਡਰ ਡਾ. ਸਤੀਸ਼ ਕੁਮਾਰ ਵਰਮਾ ਨੇ ਸਮਾਗਮ ਦੀ ਰੂਪ-ਰੇਖਾ ਤੇ ਚਾਣਨਾ ਪਾਉਂਦਿਆਂ ਅਜਿਹੇ ਸਮਾਗਮਾਂ ਲਈ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਦਿੱਤੇ ਜਾਂਦੇ ਸਹਿਯੋਗ ਅਤੇ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਉਦਘਾਟਨੀ ਸ਼ਬਦ ਬੋਲਦਿਆਂ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਭਾਈ ਸਾਹਿਬ ਨੇ ਪਹਿਲੀ ਵਾਰ ਪਰੰਪਰਾ ਅਤੇ ਅਧੁਨਿਕਤਾ ਦਾ ਸੁਮੇਲ ਕੀਤਾ ਤੇ ਇਕ ਸੰਜੀਦਾ ਸੰਵਾਦ ਦੀ ਸ਼ੁਰੂਆਤ ਕੀਤੀ ਅਤੇ ਭਾਈ ਸਾਹਿਬ ਦੇ ਕਾਰਜਾਂ ਨਾਲ ਸਿੱਖ ਪਛਾਣ ਦੀ ਗਲ ਸ਼ੁਰੂ ਹੋਈ। ਮੁੱਖ ਭਾਸ਼ਣ ਦਿੰਦਿਆਂ ਡਾ. ਜਸਵੰਤ ਸਿੰਘ ਨੇਕੀ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵਿਦਵਤਾ ਦੇ ਸਮੁੰਦਰ ਸਨ ਜਿਨ੍ਹਾਂ ਨੂੰ ਸਮਝਣ ਲਈ ਗਿਆਨ ਦੇ ਸਮੁੰਦਰ ਦਾ ਮੰਥਨ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਜਿੱਥੇ ਮਹਾਨ ਵਿਦਵਾਨ ਸਨ ਓਥੇ ਮਹਾਨ ਵਿਆਕਤੀ ਵੀ ਸਨ। ਸਮਾਗਮ ਦੇ ਮੁੱਖ ਮਹਿਮਾਨ ਮੇਜਰ ਆਦਰਸ਼ ਪਾਲ ਸਿੰਘ ਨੇ ਭਾਈ ਸਾਹਿਬ ਦੀ ਕੁਲ ਚੋਂ ਹੋਣ ਕਾਰਨ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਗਲ ਕਰਦਿਆਂ ਕਿਹਾ ਕਿ ਉਹ ਜਿੰਦਗੀ ਦੇ ਹਰ ਪੱਖ ਨਾਲ ਪੂਰਾ ਨਿਆਂ ਕਰਦੇ ਸਨ। ਇਸ ਮੌਕੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ. ਰਵੇਲ ਸਿੰਘ ਨੇ ਉਦਘਾਨੀ ਸੈਸ਼ਨ ਦੇ ਬੁਲਾਰਿਆਂ ਦਾ ਧੰਨਵਾਦ ਕੀਤਾ।
ਇਸ ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸਮੇਂ ਡਾ. ਜਗਬੀਰ ਸਿੰਘ ਨੇ ਗੁਰਬਾਣੀ ਅਧਿਐਨ ਲਈ ਮਹਾਨ ਕੋਸ਼ ਦੀ ਸਾਰਥਿਕਤਾ ਵਿਸ਼ੇ ਤੇ ਪੇਪਰ ਪੜਦਿਆਂ ਕਿਹਾ ਕਿ ਮਹਾਨ ਕੋਸ਼ ਪੰਜਾਬੀ ਜਗਤ ਲਈ ਮਹਾਨ ਰਚਨਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦਾ ਸਿੱਖ-ਚਿੰਤਨ ਵਿਸ਼ੇ ਤੇ ਡਾ. ਜਸਪਾਲ ਕੌਰ ਕਾਂਗ ਨੇ ਪੇਪਰ ਪੜ੍ਹਿਆ। ਕਾਵਿ-ਦ੍ਰਿਸ਼ਟੀ, ਡਾ. ਵਨੀਤਾ ਭਾਈ ਕਾਨ੍ਹ ਸਿੰਘ ਨਾਭਾ ਦੀ ਸੰਗੀਤ ਦ੍ਰਿਸ਼ਟੀ ਵਿਸ਼ੇ ਤੇ ਪੇਪਰ ਪੜਦਿਆਂ ਅਤੇ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਰਤਨ ਸਿੰਘ ਜੱਗੀ ਨੇ ਕੀਤੀ। ਆਖਰੀ ਸੈਸ਼ਨ ਵਿਚ ਡਾ. ਗੁਰਮੇਲ ਸਿੰਘ ਭਾਠੂਆ, ਡਾ. ਗੁਰਪ੍ਰੀਤ ਸਿੰਘ ਆਦਿ ਵਿਦਵਾਨਾਂ ਪਰਚੇ ਪੜ੍ਹੇ ਅਤੇ ਡਾ. ਜਗਜੀਤ ਸਿੰਘ ਨੇ ਪ੍ਰਧਾਨਗੀ ਕੀਤੀ।
ਇਸ ਮੌਕੇ ਬਹੁ-ਗਿਣਤੀ ਵਿਦਿਆਰਥੀਆਂ-ਖੋਜਾਰਥੀਆਂ ਦੇ ਨਾਲ-ਨਾਲ ਡਾ. ਇੰਦਰਮੋਹਨ ਸਿੰਘ, ਗੁਰਸ਼ਰਨ ਕੌਰ ਜੱਗੀ, ਹਰਪਾਲ ਸਿੰਘ ਪੰਨੂ, ਡਾ. ਜੋਧ ਸਿੰਘ, ਹਰੀ ਸਿੰਘ, ਡਾ. ਭੁਪਿੰਦਰ ਸਿੰਘ ਖਹਿਰਾ, ਜਗਤਾਰ ਸਿੰਘ ਜੋਗਾ, ਦਰਸ਼ਨ ਬੁੱਟਰ, ਅਨੂਪ ਵਿਰਕ, ਡਾ. ਧਨਵੰਤ ਕੌਰ, ਡਾ. ਅਮਰਜੀਤ ਕੌਰ, ਡਾ. ਜੋਗਾ ਸਿੰਘ, ਸੰਤ ਹਰਪਾਲ ਸਿੰਘ, ਚਿੱਤਰਕਾਰ ਗੁਰਪ੍ਰੀਤ ਸਿੰਘ, ਸੰਤ ਬਲਵੀਰ ਸਿੰਘ, ਗੁਰਮੀਤ ਸਿੰਘ ਸਿੱਧੂ, ਗੁਰਮੀਤ ਮਾਨ, ਹਿੰਮਤ ਸਿੰਘ, ਡਾ. ਭੀਮਇੰਦਰ ਸਿੰਘ, ਡਾ. ਗੁਰਨੈਬ ਸਿੰਘ ਆਦਿ ਵੱਖ-ਵੱਖ ਖਿੱਤਿਆਂ ਤੇ ਖੇਤਰਾਂ ਦੇ ਵਿਦਵਾਨ ਸ਼ਾਮਿਲ ਹੋਏ।

Sunday, June 19, 2011

ਨੈੱਟ ਦੀ ਪ੍ਰੀਖਿਆ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ

ਯੂ.ਜੀ.ਸੀ ਵੱਲੋਂ ਦਸੰਬਰ 2010 ਵਿੱਚ ਲਈ ਗਈ ਨੈੱਟ ਦੀ ਪ੍ਰੀਖਿਆ ਦਾ ਪਿੱਛਲੇ ਦਿਨੀਂ ਨਤੀਜਾ ਘੋਸ਼ਤਿ ਕੀਤਾ ਗਿਆ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ।
ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਯੂ.ਜੀ.ਸੀ ਦੀ ਵੈਬ ਸਾਈਟ ਤੇ ਪ੍ਰਾਪਤ ਨਤੀਜੇ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਵਿਖੇ ਲਈ ਗਈ ਪ੍ਰੀਖਿਆ ਵਿਚੋਂ ਪੰਜਾਬੀ ਦੇ 20 ਵਿਦਿਆਰਥੀਆਂ ਨੇ ਜੂਨੀਅਰ ਰਿਸਰਚ ਫੈਲੋਸ਼ਪਿ (ਜੇ.ਆਰ.ਐਫ) ਪ੍ਰਾਪਤ ਕੀਤੀ, ਜਿਨ੍ਹਾਂ ਵਿਚੋਂ ਹੁਣ ਤੱਕ ਦੀ ਜਾਣਕਾਰੀ ਅਨੁਸਾਰ 12 ਵਿਦਿਆਰਥੀ/ਖੋਜਾਰਥੀ ਪੰਜਾਬੀ ਵਿਭਾਗ ਨਾਲ ਸਬੰਧਿਤ ਹਨ। ਇਸ ਸਾਲ ਐਮ.ਏ ਭਾਗ ਦੂਜਾ ਦੇ ਵਿਦਿਆਰਥੀਆਂ ਵਿਚੋਂ ਸਤਿਨਾਮ ਸਿੰਘ, ਕੁਲਵਿੰਦਰ ਸਿੰਘ, ਰੋਵਿਨ, ਐਮ.ਫਿਲ/ਪੀ-ਐਚ.ਡੀ ਦੇ ਖੋਜਾਰਥੀਆਂ ਵਿਚੋਂ ਜਗਮੀਤ ਸਿੰਘ, ਮਨਦੀਪ ਕੌਰ, ਜਸਪ੍ਰੀਤ ਕੌਰ, ਬਿੰਦਰਪਾਲ ਕੌਰ, ਸੰਦੀਪ ਕੌਰ, ਮਨਜਿੰਦਰ ਸਿੰਘ, ਸਤਿਨਾਮ ਸਿੰਘ, ਸਿਮਰਜੀਤ ਸਿੰਘ, ਨਵਲ ਆਦਿ ਨੇ ਜੇ.ਆਰ.ਐਫ. ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਪੰਜਾਬੀ ਵਿਸ਼ੇ ਵਿਚ 69 ਵਿਦਿਆਰਥੀ/ਖੋਜਾਰਥੀ ਲੈਕਚਰਾਰਸ਼ਪਿ ਲਈ ਯੋਗ ਪਾਏ ਗਏ, ਜਿਨ੍ਹਾਂ ਵਿਚੋਂ ਵਧੇਰੇ ਕਰਕੇ ਪੰਜਾਬੀ ਵਿਭਾਗ ਨਾਲ ਹੀ ਸੰਬੰਧਿਤ ਹਨ।
ਡਾ. ਬਰਾੜ ਨੇ ਇਸ ਵਿਸ਼ੇਸ਼ ਪ੍ਰਾਪਤੀ ਦਾ ਸਿਹਰਾ ਵਿਭਾਗ ਦੇ ਸੁਯੋਗ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਨੂੰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਚਲਾਏ ਜਾ ਰਹੇ ਬੀ.ਏ. ਆਨਰਜ਼ ਸਕੂਲ ਦਾ ਵੀ ਇਸ ਵਿਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਕੋਰਸ ਕਰਨ ਵਾਲੇ ਵਿਦਿਆਰਥੀ ਬਾਕੀ ਵਿਦਿਆਰਥੀਆਂ ਦੇ ਮੁਕਾਬਲੇ ਵਿਸ਼ੇ ਵਿਚ ਵਧੇਰੇ ਮੁਹਾਰਤ ਹਾਸਲ ਕਰ ਸਕਦੇ ਹਨ ਅਤੇ ਯੋਗ ਵਿਦਿਆਰਥੀਆਂ ਨੂੰ ਪ੍ਰਤਿ ਮਾਹੀਨਾ 500/- ਰੁਪਏ ਵਜੀਫ਼ਾ ਵੀ ਮਿਲਦਾ ਹੈ।
ਜਿਕਰਯੋਗ ਹੈ ਕਿ ਪੰਜਾਬੀ ਵਿਭਾਗ ਵਿਚ ਐਮ.ਏ. ਪੰਜਾਬੀ ਦੇ ਨਾਲ-ਨਾਲ ਐਮ.ਏ. ਆਨਰਜ਼, ਐਮ.ਫਿਲ. ਦੇ ਕੋਰਸ ਲਗਾਤਾਰ ਸਫਲਤਾ ਪੂਰਬਕ ਚਲ ਰਹੇ ਹਨ ਅਤੇ ਇਸ ਸਮੇਂ ਵਿਭਾਗ ਦੇ ਵਿਚ 100 ਤੋਂ ਵਧੇਰੇ ਖੋਜਾਰਥੀ ਡਾਕਟਰੇਟ ਦੀ ਡਿਗਰੀ ਕਰ ਰਹੇ ਹਨ, ਨਾਲ ਹੀ 22 ਰਿਸਰਚ ਸਕਾਲਰ ਵੀ ਵਿਭਾਗ ਵਿਖੇ ਕਾਰਜਸ਼ੀਲ ਹਨ ਜੋ ਯੂ.ਜੀ.ਸੀ ਜਾਂ ਯੂਨੀਵਰਸਿਟੀ ਵੱਲੋਂ ਕਿਸੇ ਨਾ ਕਿਸੇ ਸਕੀਮ ਅਧੀਨ ਫੈਲੋਸ਼ਪਿ ਪ੍ਰਾਪਤ ਕਰ ਰਹੇ ਹਨ। ਵਿਭਾਗ ਦੀਆਂ ਅਜਿਹੀਆਂ ਪ੍ਰਾਪਤੀਆਂ ਅਤੇ ਚੰਗੀ ਕਾਰਗੁਜ਼ਾਰੀ ਕਰਕੇ ਹੀ ਪਿਛਲੇ ਦਿਨੀਂ ਯੂ.ਜੀ.ਸੀ ਵੱਲੋਂ ਵਿਭਾਗ ਨੂੰ ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਜਿਸ ਵਿਚ 81 ਲੱਖ ਦੀ ਗਰਾਂਟ ਅਤੇ ਇਕ ਪ੍ਰੋਜੈਕਟ ਫੈਲੋ ਦੀ ਅਸਾਮੀ ਵੀ ਸ਼ਾਮਿਲ ਹੈ।

Wednesday, May 18, 2011

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਆਰਟਿਸਟ ਸਿਧਾਰਥ ਦਾ ਸਨਮਾਨ ਤੇ ਸੰਤ ਸਿੰਘ ਸੇਖੋਂ ਬਾਰੇ ਸੈਮੀਨਾਰ



ਪੰਜਾਬੀ ਵਿਭਾਗ ਵੱਲੋਂ ਸੰਤ ਸਿੰਘ ਸੇਖੋਂ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਆਰਟਿਸਟ ਸਿਧਾਰਥ ਦਾ ਸਨਮਾਨ ਕੀਤਾ ਗਿਆ ਅਤੇ ਸੰਤ ਸਿੰਘ ਸੇਖੋਂ ਦੇ ਸਾਹਿਤ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਅਤੇ ਉਨ੍ਹਾਂ ਦੀ ਜਿ਼ੰਦਗੀ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਰਟਿਸਟ ਸਿਧਾਰਥ ਨੂੰ ਸਨਮਾਨ ਦਿੰਦਿਆਂ ਸਿਧਾਰਥ ਹੋਰਾਂ ਦੇ ਪੰਜਾਬ ਨਾਲ ਜੁੜੇ ਰਹਿਣ ਦੇ ਅਹਿਦ ਦਾ ਬਹੁਤ ਸਵਾਗਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬੀ ਯੂਨੀਵਰਸਿਟੀ ਸ੍ਰੀ ਸਿਧਾਰਥ ਦੇ ਚਿਤਰਾਂ ਦੀ ਪ੍ਰਦਰਸ਼ਨੀ ਲਗਾਏਗੀ। ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਸੰਤ ਸਿੰਘ ਸੇਖੋਂ ਦੀ ਬਹੁਪੱਖੀ ਸਖਸ਼ੀਅਤ ਦੀ ਚਰਚਾ ਕਰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਦਾ ਸਾਹਿਤ ਰਚਨਾ ਤੇ ਚਿੰਤਨ ਵਿਚ ਵਿਸ਼ੇਸ਼ ਯੋਗਦਾਨ ਹੈ ਉਥੇ ਉਹ ਮੱਥੇ ਵਿਚ ਦੀਵਾ ਜਗਾ ਕੇ ਝੱਖੜਾਂ ਵਿਚੋਂ ਲੰਘ ਜਾਣ ਵਾਲੀ ਇਕ ਸੰਸਥਾ ਸਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿਚ ਸੰਤ ਸਿੰਘ ਸੇਖੋਂ ਯਾਦਗਾਰੀ ਸਨਮਾਨ ਸ਼ੁਰੂ ਕੀਤਾ ਜਾਵੇਗਾ।
ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜਿੱਥੇ ਇਸ ਸਮਾਗਮ ਦਾ ਮੰਤਵ ਪੰਜਾਬੀ ਦੇ ਪ੍ਰਬੁੱਧ ਵਿਦਵਾਨ ਸੰਤ ਸਿੰਘ ਸੇਖੋਂ ਦੀ ਸਾਹਿਤਕ ਘਾਲਣਾ ਬਾਰੇ ਪੁਨਰ ਵਿਚਾਰ ਕਰਨਾ ਹੈ ਉਥੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਸਿਧਾਰਥ ਨੂੰ ਸਨਮਾਨਤ ਕਰਕੇ ਉਨ੍ਹਾਂ ਦੇ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਵੱਲੋਂ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਅਤੇ ਨਾਮਣਾ ਖੱਟਣ ਕਰਕੇ ਖੁਦ ਨੂੰ ਸਨਮਾਨਤ ਹੋਇਆ ਸਮਝਦੇ ਹਾਂ। ਡਾ. ਬਰਾੜ ਨੇ ਇਹ ਵੀ ਕਿਹਾ ਕਿ ਆਧੁਨਿਕ ਸਮੇਂ ਵਿਚ ਸਾਰੀਆਂ ਕਲਾਵਾਂ ਵੱਖ-ਵੱਖ ਹੋ ਗਈਆਂ, ਜੋ ਮੱਧਕਾਲ ਵਿਚ ਆਪਸ ਵਿਚ ਰਚੀਆਂ ਹੋਈਆਂ ਸਨ ਜਿਵੇਂ ਕਿ ਗੁਰਮਤਿ ਕਾਵਿ ਵਿਚ ਸਾਹਿਤ ਤੇ ਸੰਗੀਤ ਦਾ ਖੂਬਸੂਰਤ ਸੁਮੇਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚਿੱਤਰਕਾਰ ਸਿਧਾਰਥ ਵਰਗੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਲਾਕਾਰ ਨੂੰ ਸਾਹਿਤ ਤੇ ਵਿਦਿਆਰਥੀਆਂ ਨਾਲ ਰੂਬਰੂ ਕਰਕੇ ਸਾਹਿਤ ਤੇ ਬਾਕੀ ਕਲਾਵਾਂ ਦਾ ਸੁਮੇਲ ਕਰਨ ਦੀ ਇਹ ਬਿਹਤਰੀਨ ਕੋਸਿ਼ਸ਼ ਹੈ।
ਇਸ ਸਮਾਗਮ ਵਿਚ ਸਨਮਾਨਤ ਸਖਸ਼ੀਅਤ ਸ੍ਰੀ ਸਿਧਾਰਥ ਨਾਲ ਜਾਣ-ਪਛਾਣ ਕਰਾਉਂਦਿਆਂ ਸ੍ਰੀ ਅਮਰਜੀਤ ਗਰੇਵਾਲ ਨੇ ਕਿਹਾ ਕਿ ਸਿਧਾਰਥ ਜਿ਼ੰਦਗੀ ਦੀਆਂ ਤਲਖੀਆਂ ਨੂੰ ਹੰਢਾਉਂਦਿਆਂ ਆਪਣੀ ਕਲਾਮਈ ਸਾਧਨਾ ਰਾਹੀਂ ਪੰਜਾਬ ਦੇ ਆਮ ਪਿੰਡ ਵਿਚ ਪੈਦਾ ਹੋ ਕੇ ਅੱਜ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰ ਚੁਕੇ ਹਨ। ਉਨ੍ਹਾਂ ਕਿਹਾ ਕਿ ਸਿਧਾਰਥ ਨੇ ਦੁਨੀਆਂ ਭਰ ਦੀ ਕਲਾ ਨਾਲ ਸੰਵਾਦ ਰਚਾ ਕੇ ਆਪਣੀ ਕਲਾ ਰਾਹੀਂ ਪੰਜਾਬ ਦੀ ਖੁਸ਼ਬੁੂ ਤੇ ਪੰਜਾਬੀਅਤ ਨੂੰ ਰੰਗਾਂ ਦੁਆਰਾ ਕੈਨਵਸ ਤੇ ਚਿਤਰਿਆ। ਉਨ੍ਹਾਂ ਸਿਧਾਰਥ ਦੀ ਇਸ ਵਿਸ਼ੇਸ਼ਤਾ ਦਾ ਵੀ ਜਿ਼ਕਰ ਕੀਤਾ ਕਿ ਸਿਧਾਰਥ ਹੋਰੀਂ ਕੁਦਰਤੀ ਰੰਗਾਂ ਦੀ ਵਰਤੋਂ ਕਰਦੇ ਹਨ ਅਤੇ ਕਾਗਜ਼ ਵੀ ਆਪ ਤਿਆਰ ਕਰਦੇ ਹਨ। ਦਿੱਲੀ ਵਿਚ ਸਿਧਾਰਥ ਦਾ ਸਟੂਡਿਊ ਵਿਸ਼ਵ ਦੇ ਚਿੰਤਨ ਬਾਰੇ ਸੰਵਾਦ ਰਚਾਉਣ ਦਾ ਬਿਹਤਰੀਨ ਕੇਂਦਰ ਹੈ। ਉਨ੍ਹਾਂ ਸਿਧਾਰਥ ਦੁਆਰਾ ਫਿ਼ਲਮ ਨਿਰਮਾਣ, ਸੰਗੀਤ ਤੇ ਸਾਹਿਤ ਦੀ ਰੁਚੀ ਦਾ ਵੀ ਜਿ਼ਕਰ ਕੀਤਾ।
ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਸਿਧਾਰਥ ਨੇ ਸਥਾਨਿਕ ਰਹਿ ਕੇ ਵੀ ਅੰਤਰਰਾਸ਼ਟਰੀ ਬਣ ਕੇ ਵਿਖਾਇਆ ਹੈ, ਜੋ ਆਪਣੇ-ਆਪ ਵਿਚ ਬਹੁਤ ਬਹੁਤ ਵੱਡੀ ਗੱਲ ਹੈ ਅਤੇ ਉਨ੍ਹਾਂ ਸੰਤ ਸਿੰਘ ਸੇਖੋਂ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਨੂੰ ਇਕ ਵਿਸ਼ਾਲ ਮਨ ਵਾਲੀ ਸਖਸ਼ੀਅਤ ਦੱਸਿਆ ਜੋ ਭੂਤ, ਵਰਤਮਾਨ ਅਤੇ ਭਵਿੱਖ ਸਬੰਧੀ ਬੜੀਆਂ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਰੱਖਦੇ ਸਨ।
ਇਸ ਸਮਾਗਮ ਵਿਚ ਸੰਤ ਸਿੰਘ ਸੇਖੋਂ ਯਾਦਗਾਰੀ ਭਾਸ਼ਨ ਪ੍ਰਸਿੱਧ ਚਿੰਤਕ ਡਾ. ਗੁਰਭਗਤ ਸਿੰਘ ਨੇ ਦਿੱਤਾ। ਉਨ੍ਹਾਂ ਕਿਹਾ ਕਿ ਸੰਤ ਸਿੰਘ ਸੇਖੋਂ ਦੇ ਚਿੰਤਨ ਅਤੇ ਸਾਹਿਤ ਵਿਚ ਮਾਰਕਸਵਾਦ ਅਤੇ ਸਿੱਖ ਇਤਿਹਾਸ ਦਾ ਸੁਮੇਲ ਕਰਨ ਦਾ ਇਕ ਵਧੀਆ ਯਤਨ ਸੀ। ਜਿਸ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਡਾ. ਜਸਵਿੰਦਰ ਸਿੰਘ ਨੇ ਸੰਤ ਸਿੰਘ ਸੇਖੋਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ। ਇਸੇ ਚਰਚਾ ਨੂੰ ਅੰਗੇ ਤੋਰਦਿਆਂ ਡਾ. ਨਾਹਰ ਸਿੰਘ ਨੇ ਕਿਹਾ ਕਿ ਸੇਖੋਂ ਸਾਹਿਬ ਦਾ ਚਿੰਤਨ ਇਕ ਨਵੇਂ ਚਿੰਤਨ ਦਾ ਉਦੈ ਸੀ। ਖਾਸ ਕਰਕੇ ਸਭਿਆਚਾਰ, ਇਤਿਹਾਸ ਤੇ ਮਿਥਿਹਾਸ ਦੀ ਪੁਨਰ ਵਿਖਾਖਿਆ ਸਬੰਧੀ ਸੇਖੋਂ ਦਾ ਵਿਸੇ਼ਸ਼ ਯੋਗਦਾਨ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਸੇਖੋਂ ਦੇ ਨਾਟਕਾਂ ਦਾ ਬਹੁਪੱਖੀ ਸੰਵਾਨਵਾਂ ਦਾ ਜਿ਼ਕਰ ਕੀਤਾ ਅਤੇ ਡਾ. ਬਲਦੇਵ ਸਿੰਘ ਚੀਮਾ ਨੇ ਕਿਹਾ ਕਿ ਸੰਤ ਸਿੰਘ ਸੇਖੋਂ ਇਕ ਵਿਅਕਤੀ ਨਾਲੋਂ ਵਧੇਰੇ ਇਕ ਸੰਸਥਾ ਸਨ।
ਇਸ ਸਮਾਗਮ ਵਿਚ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਬਾਂਸਲ ਦੇ ਨਾਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਜਾਬੀ ਵਿਭਾਗ ਦੇ ਖੋਜਾਰਥੀਆਂ ਲਈ ਫੈਲੋਸਿ਼ਪ ਸ਼ੁਰੂ ਕਰਨ ਹਿੱਤ 10 ਲੱਖ ਰੁਪਏ ਦਿੱਤੇ ਅਤੇ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਬਾਂਸਲ ਦੁਆਰਾ ਬਣਾਈ ਨਿੱਜੀ ਲਾਇਬ੍ਰੇਰੀ ਵੀ ਪੰਜਾਬੀ ਯੂਨੀਵਰਸਿਟੀ ਨੂੰ ਭੇਂਟ ਕੀਤੀ। ਪੰਜਾਬੀ ਵਿਭਾਗ ਅਤੇ ਵਾਈਸ-ਚਾਂਸਲਰ ਵੱਲੋਂ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਬਾਂਸਲ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ।
ਸਮਾਗਮ ਵਿਚ ਸੰਤ ਸਿੰਘ ਸੇਖੋਂ ਯਾਦਗਾਰੀ ਟਰੱਸਟ ਦੇ ਚੇਅਰਮੈਨ ਸ. ਜਗਮੋਹਨ ਸਿੰਘ ਸੇਖੋਂ, ਡਾ. ਤੇਜਵੰਤ ਸਿੰਘ ਗਿੱਲ ਅਤੇ ਸੇਖੋਂ ਪਰਿਵਾਰ ਦੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਵਿਚ ਸਾਹਿਤ ਅਤੇ ਕਲਾ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਵਿਦਵਾਨ ਅਤੇ ਵਿਦਿਆਰਥੀ ਸ਼ਾਮਲ ਹੋਏ। ਇਸ ਸਮਾਗਮ ਵਿਚ ਵਿਭਾਗ ਦੇ ਖੋਜਾਰਥੀ ਪਰਮਜੀਤ ਸਿੰਘ ਕੱਟੂ ਵੱਲੋਂ ਸਿਧਾਰਥ ਦੇ ਚਿੱਤਰਾਂ ਨਾਲ ਸਬੰਧਿਤ ਸਲਾਈਡ ਸ਼ੋਅ ਵੀ ਵਿਖਾਇਆ ਗਿਆ। ਸਮਾਗਮ ਦਾ ਮੰਚ ਸੰਚਾਲਨ ਡਾ. ਸੁਰਜੀਤ ਸਿੰਘ ਵੱਲੋਂ ਕੀਤਾ ਗਿਆ।

Tuesday, April 19, 2011

ਡਾ. ਜਸਵਿੰਦਰ ਸਿੰਘ ਰਚਿਤ ਨਾਵਲ ਮਾਤ ਲੋਕ ਦਾ ਲੋਕ-ਅਰਪਣ ਅਤੇ ਵਿਚਾਰ ਗੋਸ਼ਟੀ 21 ਅਪ੍ਰੈਲ ਨੂੰ,


ਮਾਤ ਲੋਕ ਅਧੁਨਿਕ ਪੰਜਾਬੀ ਨਾਵਲ ਦੇ ਨਵੇਂ ਪ੍ਰਤਿਮਾਨ ਸਥਾਪਤ ਕਰਨ ਵਾਲੀ ਰਚਨਾ ਹੈ। ਆਪਣੇ ਸਮੇਂ ਦੇ ਰਾਜਨੀਤਿਕ- ਸੰਸਕ੍ਰਿਤਕ ਖਿਲਾਰੇ ਨੂੰ ਨਾਵਲੀ ਬਿਰਤਾਂਤ ਵਿਚ ਕਿਵੇਂ ਬੰਨ੍ਹਣਾ ਹੈ, ਇਹ ਜੁਗਤਾਂ ਸਿੱਖਣ ਲਈ ਜਸਵਿੰਦਰ ਸਿੰਘ ਦੀ ਸ਼ਾਗਿਰਦੀ ਕੀਤੀ ਜਾ ਸਕਦੀ ਹੈ।ਪਰ ਉਸ ਦੀ ਇਹ ਉਸਤਾਦੀ ਕੇਵਲ ਨਾਵਲ ਰਚਨਾ ਦੀਆਂ ਬਿਰਤਾਂਤਕਾਰੀ ਵਿਧਾਵਾਂ ਦੀ ਮਾਸਟਰੀ ਤੱਕ ਹੀ ਸੀਮਤ ਨਹੀਂ, ਪੰਜਾਬੀ ਭਾਈਚਾਰੇ ਦੇ ਆਰਥਕ ਅਤੇ ਰਾਜਨੀਤਕ ਸੰਸਕ੍ਰਿਤਕ ਤਣਾਵਾਂ ਨੂੰ ਤਲਾਸ਼ਣ ਅਤੇ ਨਵੀਆਂ ਸੰਭਾਵਨਾਵਾਂ ਨੂੰ ਪਹਿਚਾਨਣ ਵਿਚ ਵਧੇਰੇ ਹੈ।ਉਹ ਸਭਿਆਚਾਰ ਚਿੰਤਨ(ਗਿਆਨਕਾਰੀ) ਅਤੇ ਸਭਿਆਚਾਰ ਸਿਰਜਣਾ (ਬਿਰਤਾਂਤਕਾਰੀ) ਦੋਨਾਂ ਦਾ ਮਾਹਿਰ ਹੈ। ਨਾਵਲ ਵਿਚ ਸਮਕਾਲੀ ਪੇਂਡੂ ਪੰਜਾਬ ਦੇ ਸਭਿਆਚਾਰ, ਇਤਿਹਾਸ ਅਤੇ ਜੁਗਰਾਫੀਏ ਦਾ ਇਨਸਾਈਕਲੋਪੀਡਿਕ ਗਿਆਨ ਭਰਿਆ ਪਿਆ ਹੈ। ਪਰ ਇਹ ਗਿਆਨ ਬਿਰਤਾਂਤਕਾਰੀ ਦੇ ਸਮਾਨਾਂਤਰ ਨਹੀਂ ਚਲਦਾ, ਜਿਵੇਂ ਕਿ ਹੀਰ ਵਾਰਿਸ ਵਿਚ ਚਲਦਾ ਹੈ। ਦੇਹ ਅਤੇ ਆਤਮਾ ਨੂੰ ਟੁੰਬਣ ਵਾਲੀ ਬਿਰਤਾਂਤਕਾਰੀ ਵਿਚ ਰੂਪਾਂਤ੍ਰਿਤ ਹੋ ਜਾਂਦਾ ਹੈ। ਉਹ ਗਿਆਨ ਸਾਹਿਤ ਅਤੇ ਸਿਰਜਣਾਤਮਿਕ ਸਾਹਿਤ ਦੇ ਅੰਤਰ ਅਤੇ ਮਹੱਤਵ ਨੂੰ ਸਮਝਦਾ ਹੈ...ਅਮਰਜੀਤ ਗਰੇਵਾਲ

Wednesday, April 6, 2011

ਪੰਜਾਬੀ ਵਿਭਾਗ ਵੱਲੋਂ ਤਿਆਰ ਕੀਤੀਆਂ ਚਾਰ ਪੁਸਤਕਾਂ ਦਾ ਸੈਟ ਰਿਲੀਜ਼

ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਜਸਪਾਲ ਸਿੰਘ ਨੇ ਪੰਜਾਬੀ ਵਿਭਾਗ ਵੱਲੋਂ ਤਿਆਰ ਕੀਤੀਆਂ ਅਤੇ ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਚਾਰ ਪੁਸਤਕਾਂ ਦਾ ਸੈਟ ਰਿਲੀਜ਼ ਕੀਤਾ। ਇਹ ਪੁਸਤਕਾਂ ਹਨ : ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ : ਸਿਧਾਂਤ ਤੇ ਰੂਪਾਂਤਰਣ (ਸੰਪਾਦਕ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡਾ. ਬਲਦੇਵ ਸਿੰਘ ਚੀਮਾ), ਲੋਕਧਾਰਾ ਅਤੇ ਆਧੁਨਿਕ : ਰੂਪਾਂਤਰਣ ਅਤੇ ਪੁੰਨਰ ਮੁਲਾਂਕਣ (ਸੰਪਾਦਕ ਡਾ. ਜਸਵਿੰਦਰ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ), ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ : ਅੰਤਰ ਸੰਵਾਦ (ਸੰਪਾਦਕ ਡਾ. ਗੁਰਮੁਖ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ), ਪੰਜਾਬੀ ਡਾਇਸਪੋਰਾ : ਅਧਿਐਨ ਤੇ ਅਧਿਆਪਨ (ਸੰਪਾਦਕ ਡਾ. ਸੁਰਜੀਤ ਸਿੰਘ, ਡਾ. ਬਲਦੇਵ ਸਿੰਘ ਚੀਮਾ)। ਇਸ ਮੌਕੇ ਤੇ ਵਾਈਸ ਚਾਂਸਲਰ ਸਾਹਿਬ ਨੇ ਵਿਭਾਗ ਨੂੰ ਮੁਬਾਰਕਬਾਦ ਦਿੱਤੀ ਤੇ ਆਖਿਆ ਕਿ ਸੈਮੀਨਾਰਾਂ ਵਿਚ ਵਿਚਾਰਾਂ ਦਾ ਮੰਥਨ ਹੁੰਦਾ ਹੈ ਪਰ ਵਿਚਾਰ ਹਾਜ਼ਰ ਲੋਕਾਂ ਤੱਕ ਸੀਮਤ ਰਹਿ ਜਾਂਦੇ ਹਨ। ਪਰ ਪੁਸਤਕ ਰੂਪ ਵਿਚ ਖੋਜ ਪੱਤਰ ਛਪਣ ਨਾਲ ਵਧੇਰੇ ਲੋਕਾਂ ਤੱਕ ਪੁਜ ਸਕਦੇ ਹਨ। ਇਸ ਮੌਕੇ ਤੇ ਵਿਭਾਗ ਤੇ ਮੁਖੀ ਤੇ ਇਨ੍ਹਾਂ ਪੁਸਤਕਾਂ ਦੇ ਮੁਖ ਸੰਪਾਦਕ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਹ ਪੁਸਤਕਾਂ ਯੂ.ਜੀ.ਸੀ ਦੀ ਮਰਜ਼ਡ ਸਕੀਮ ਅਧੀਨ ਪ੍ਰਾਪਤ ਰਾਸ਼ੀ ਦੀ ਮਦਦ ਨਾਲ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਵਿਚ ਡਾਇਸਪੋਰਾ ਨਾਲ ਸਬੰਧਿਤ ਦਸ, ਸਾਹਿਤ ਰੂਪਾਕਾਰ ਨਾਲ ਸਬੰਧਿਤ 31, ਲੋਕਧਾਰਾ ਨਾਲ ਸਬੰਧਿਤ 09 ਅਤੇ ਮੀਡੀਆਂ ਨਾਲ ਸਬੰਧਿਤ 20 ਖੋਜ-ਪੇਪਰ ਸ਼ਾਮਿਲ ਹਨ ਤੇ ਇਸ ਪ੍ਰਕਾਰ ਕੁਲ ਮਿਲਾ ਕੇ 70 ਖੋਜ-ਪੇਪਰ ਪ੍ਰਕਾਸ਼ਤ ਹੋ ਰਹੇ ਹਨ। ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਵਿਚ ਡਾ. ਜੋਗਿੰਦਰ ਸਿੰਘ ਰਾਹੀ, ਡਾ. ਰਾਣਾ ਨਈਅਰ, ਸ੍ਰੀ ਅਮਰਜੀਤ ਸਿੰਘ ਗਰੇਵਾਲ ਵਰਗੇ ਸਥਾਪਤ ਵਿਦਵਾਨ ਸ਼ਾਮਿਲ ਹਨ, ਉਥੇ ਇਨ੍ਹਾਂ ਵਿਚ ਬਿਲਕੁਲ ਨਵੇਂ ਖੋਜਾਰਥੀਆਂ ਦੇ ਪਰਚੇ ਵੀ ਸ਼ਾਮਿਲ ਹਨ। ਇਨ੍ਹਾਂ ਖੋਜ-ਪੱਤਰਾਂ ਵਿਚ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ , ਲੋਕਧਾਰਾ ਦਾ ਮੁਹਾਂਦਰਾ ਹੀ ਨਹੀਂ ਪਛਾਣਿਆ ਗਿਆ ਸਗੋ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਆ ਰਹੀਆਂ ਚੁਣੌਤੀਆਂ ਨੂੰ ਵਿਸ਼ਲੇਸ਼ਤ ਵੀ ਕੀਤਾ ਗਿਆ ਹੈ। ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ ਨਾਲ ਪੰਜਾਬੀ ਗਿਆਨ ਦੇ ਦਿਸਹੱਦੇ ਵੀ ਵਸੀਹ ਹੁੰਦੇ ਹਨ। ਇਸ ਤੋਂ ਇਲਾਵਾ ਇਹ ਪੁਸਤਕਾਂ ਅਧਿਐਨ ਤੇ ਅਧਿਆਪਨ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਹਾਸਲ ਕਰਨਗੀਆਂ ਅਤੇ ਪੰਜਾਬੀ ਖੋਜ ਨਾਲ ਸਬੰਧਿਤ ਮਿਆਰੀ ਸਹਾਇਕ ਸਮੱਗਰੀ ਵੀ ਪ੍ਰਦਾਨ ਕਰਨਗੀਆਂ। ਇਨ੍ਹਾਂ ਪੁਸਤਕਾਂ ਨੂੰ ਰਲੀਜ਼ ਕਰਨ ਸਮੇਂ ਡਾ. ਜਸਵਿੰਦਰ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਬਲਦੇਵ ਸਿੰਘ ਚੀਮਾ, ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਤੋਂ ਇਲਾਵਾ ਡਾ. ਮਨਮੋਹਨ ਸਹਿਗਲ, ਡਾ. ਪਰਮਵੀਰ ਸਿੰਘ, ਡਾ. ਅਮਰਜੀਤ ਕੌਰ ਅਤੇ ਡਾ. ਹਰਮਹਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਵੀ ਸ਼ਾਮਿਲ ਸਨ।

Tuesday, March 22, 2011

ਪੰਜਾਬੀ ਵਿਭਾਗ ਵੱਲੋਂ ਆਨ-ਲਾਈਨ ਮੌਖਿਕ ਪ੍ਰੀਖਿਆ ਕਰਵਾਈ ਗਈ



ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਅਕਾਦਮਿਕ ਖੇਤਰ ਵਿਚ ਨਵੀਂ ਇਤਿਹਾਸਕ ਪੁਲਾਂਘ ਪੁਟਦਿਆਂ ਅੱਜ ਵੀਡੀਓ ਕਾਨਫਰੰਸ ਰਾਹੀਂ ਪੀ-ਐਚ.ਡੀ ਦੀ ਡਿਗਰੀ ਲਈ ਆਨ-ਲਾਈਨ ਮੌਖਿਕ ਪ੍ਰੀਖਿਆ ਕਰਵਾਈ ਗਈ ਇਹ ਮੌਖਿਕ ਪ੍ਰੀਖਿਆ ਇਸ ਵੇਲੇ ਕੈਨੇਡਾ ਰਹਿ ਰਹੀ ਖੋਜਾਰਥਣ ਕਮਲਜੀਤ ਕੌਰ ਦੇ ਖੋਜ-ਵਿਸ਼ੇਪੰਜਾਬੀ ਲੰਮੀ ਕਹਾਣੀ ਦਾ ਸੰਗਰਚਨਾਤਮਕ ਅਧਿਐਨ` ਲਈ ਵਿਸ਼ੇਸ਼ਗ ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਲਈ ਗਈ

ਖੋਜਾਰਥਣ ਕਮਲਜੀਤ ਕੌਰ ਪੰਜਾਬੀ ਵਿਭਾਗ ਵਿਖੇ ਪੀ-ਐਚ.ਡੀ ਦੀ ਡਿਗਰੀ ਲਈ ਰਜਿਸਟਰਡ ਸੀ ਤੇ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਖੇ ਰਹਿ ਰਹੀ ਹੈ ਪਹਿਲੇ ਨਿਯਮਾਂ ਅਨੁਸਾਰ ਖੋਜਾਰਥਣ ਨੂੰ ਅਜਿਹੀ ਪ੍ਰੀਖਿਆ ਦੇਣ ਲਈ ਵਿਭਾਗ ਵਿਖੇ ਖੁਦ ਹਾਜ਼ਰ ਹੋਣਾ ਪੈਂਦਾ ਸੀ ਜਿਸ ਨਾਲ ਬਹੁਤ ਜਿ਼ਆਦਾ ਧਨ ਤੇ ਸਮੇਂ ਦਾ ਖਰਚਾ ਹੁੰਦਾ ਹੈ ਪਰ ਮਾਣਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਸਮੇਤ ਸਮੂਹ ਅਧਿਆਪਕਾਂ ਦੇ ਉੱਦਮ ਨਾਲ ਨਵੀਂ ਤਕਨਾਲੋਜੀ ਨੂੰ ਅਕਾਦਮਿਕ ਖੇਤਰ ਦੇ ਵਿਕਾਸ ਲਈ ਵਰਤ ਕੇ ਸਮੇਂ ਤੇ ਧਨ ਦੀ ਬਚਤ ਕਰਦਿਆਂ ਪਰਵਾਸੀਆਂ ਲਈ ਨਵੇਂ ਅਕਾਦਮਿਕ ਰਾਹ ਖੋਲ੍ਹ ਦਿੱਤੇ ਹਨ ਵਿਭਾਗ ਵਿਖੇ ਪਹਿਲੀ ਵਾਰ ਆਨ-ਲਾਈਨ ਮੌਖਿਕ ਪ੍ਰੀਖਿਆ ਦਾ ਤਕਨੀਕੀ ਪ੍ਰਬੰਧ ਡਾ. ਰਾਜਵਿੰਦਰ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਭਾਗ ਭਵਿੱਖ ਦੀਆਂ ਲੋੜਾਂ ਲਈ ਤਿਆਰ ਹੋ ਰਿਹਾ ਹੈਜਿਸ ਵਿਚ ਆਨ-ਲਾਈਨ ਪ੍ਰਮੁੱਖ ਹੋਵੇਗੀ ਅਜਮਾਇਸ਼ੀ ਤੌਰ ਤੇ ਪੰਜਾਬੀ ਬਾਰੇ ਬੁਨਿਆਦੀ ਕੋਰਸ ਪੰਜਾਬੀ ਗਿਆਨ ਨੂੰ ਜਲਦ ਹੀ ਆਨ-ਲਾਈਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਰਵਉੱਚ ਡਿਗਰੀ ਪੀ-ਐਚ.ਡੀ ਦੀ ਰਜਿਸਟ੍ਰੇਸ਼ਨ ਅਤੇ ਮੌਖਿਕ ਪ੍ਰੀਖਿਆ ਦਾ ਕੰਮ ਆਨ-ਲਾਈਨ ਕੀਤਾ ਜਾ ਰਿਹਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਬੀ.ਏ ਤੇ ਐਮ.ਏ ਲਈ ਵੀ ਮੁੱਢਲੇ ਤੌਰ ਤੇ ਸਹਾਇਤਾ ਵਜੋਂ ਆਨ-ਲਾਈਨ ਕੋਰਸ ਸ਼ੁਰੂ ਕੀਤੇ ਜਾਣਗੇ ਇਸ ਮੌਖਿਕ ਪ੍ਰੀਖਿਆ ਸਮੇਂ ਪ੍ਰੋ. ਜੀਤ ਸਿੰਘ ਜੋਸ਼ੀ, ਡਾ. ਜ਼ੋਗਾ ਸਿੰਘ, ਡਾ. ਸੁਰਜੀਤ ਸਿੰਘ, ਡਾ. ਬਲਦੇਵ ਸਿੰਘ ਚੀਮਾ, ਡਾ. ਜਸਵਿੰਦਰ ਸਿੰਘ ਸੈਣੀ, ਡੀ ਗੁਰਮੁਖ ਸਿੰਘ ਅਤੇ ਡਾ. ਲਖਵੀਰ ਸਿੰਘ ਵੀ ਹਾਜ਼ਰ ਸਨਇਥੇ ਇਹ ਵੀ ਦੱਸਣਯੋਗ ਹੈ ਕਿ ਪੀ-ਐਚ.ਡੀ ਡਿਗਰੀ ਲਈ ਪਹਿਲੀ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਵਿਚ ਪੰਜਾਬੀ ਵਿਭਾਗ ਵੱਲੋਂ ਹੀ ਪਹਿਲ ਕੀਤੀ ਗਈ ਸੀ

ਜਿ਼ਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਜਿਸ ਨਾਲ ਵਿਭਾਗ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਨਵੀਂਆਂ ਪੁਲਾਂਘਾਂ ਪੁੱਟੇਗਾ

Tuesday, March 1, 2011

ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ

ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਯੂ.ਜੀ.ਸੀ ਵੱਲੋਂ ਪ੍ਰਾਪਤ ਪੱਤਰ ਨੰ. F.6-15/2010(SAP-III) Dated 21.02.2011 ਅਨੁਸਾਰ ਵਿਭਾਗ ਨੂੰ ਇਸ ਸਕੀਮ ਅਧੀਨ 81 ਲੱਖ ਰੁਪਏ ਦੀ ਗਰਾਂਟ ਅਤੇ ਇੱਕ ਪ੍ਰੋਜੈਕਟ ਫੈਲੋ ਦੀ ਅਸਾਮੀ ਮਿਲੀ ਹੈ ਇਸ ਸਕੀਮ ਦੇ ਕੋਆਰਡੀਨੇਟਰ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ ਅਤੇ ਡਿਪਟੀ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਹੋਣਗੇ ਇਸ ਸਕੀਮ ਅਧੀਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਜ਼ਰੂਰੀ ਬੁਨਿਆਦੀ ਸਮੱਗਰੀ ਪੈਦਾ ਕੀਤੀ ਜਾਵੇਗੀ ਪੰਜਾਬੀ ਸਭਿਆਚਾਰ ਦੀਆਂ ਸਮਕਾਲੀ ਸਮਾਜਿਕ ਸਮੱਸਿਆਵਾਂ ਦੇ ਪਰਿਪੇਖ ਵਿਚ ਅਧਿਐਨ ਕੀਤਾ ਜਾਵੇਗਾ ਜਿਸ ਵਿਚ ਲਿੰਗ-ਵਿਤਕਰਾ, ਨਸ਼ਾਖੋਰੀ, ਪੇਂਡੂ, ਗਰੀਬ, ਦਲਿਤ, ਅਪੰਗਤਾ, ਵਾਤਾਵਰਣ, ਭਰੂਣ-ਹੱਤਿਆ ਮੁੱਖ ਧਿਆਨ ਦਾ ਕੇਂਦਰ ਹੋਣਗੇ ਇਸ ਦੇ ਨਾਲ ਹੀ ਪੰਜਾਬੀ ਡਾਇਸਪੋਰੇ ਦਾ ਵੀ ਅਧਿਐਨ ਹੋਵੇਗਾ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਅੱਗੇ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਹਨ, ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਨਾ ਕੇਵਲ ਬਦਲ ਰਹੀਆਂ ਸਥਿਤੀਆਂ ਦਾ ਅਧਿਐਨ ਹੀ ਕਰਨਾ ਪਵੇਗਾ ਸਗੋਂ ਨਵੇਂ ਗਿਆਨ ਨੂੰ ਪੰਜਾਬੀ ਲੋਕਾਂ ਨਾਲ ਨਿਰੰਤਰ ਸਾਂਝਾ ਕਰਨ ਦੀ ਜ਼ਰੂਰਤ ਹੈ ਇਸ ਲਈ ਇੰਟਰਨੈੱਟ, ਆਡਿਓ-ਵਿਜੂਅਲ ਸਾਧਨਾਂ ਦੀ ਵਰਤੋਂ ਕਰਨੀ ਪੈਣੀ ਹੈ ਇਸ ਸਕੀਮ ਅਧੀਨ ਵਿਭਾਗ ਆਪਣਾ, ਆਡਿਓ-ਵਿਜੂਅਲ ਸਟੂਡੀਓ ਅਤੇ ਲੈਬ ਬਣਾਏਗਾ ਵਿਭਾਗ ਸਾਰੇ ਕੋਰਸਾਂ ਨੂੰ ਪੜਾਅਵਾਰ ਆਨ-ਲਾਈਨ ਸ਼ੁਰੂ ਕਰੇਗਾ ਅਜ਼ਮਾਇਸੀ ਤੌਰ ਤੇ ਪੰਜਾਬੀ ਗਿਆਨ ਦਾ ਆਨ-ਲਾਈਨ ਕੋਰਸ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਖੋਜ ਨੂੰ ਮਿਆਰੀ ਬਣਾਉਣ ਲਈ ਰੈਫਰਡ ਖੋਜ ਰਸਾਲਾ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਇਲਾਵਾ ਮੌਜੂਦਾ ਕਮਰਿਆਂ ਨੂੰ ਸੁਧਾਰਨ ਲਈ ਵਧੀਆ ਕਮਰੇ (ਸਮਾਰਟ-ਕਲਾਸ ਰੂਮ) ਬਣਾਏ ਜਾਣਗੇ ਜਿਨ੍ਹਾਂ ਵਿਚ ਪ੍ਰੋਜੈਕਟਰ, ਐਲ.ਸੀ.ਡੀ, ਵਾਤਾਵਰਨ ਅਨੁਕੂਲਤਾ ਦੇ ਸਾਧਨ ਹੋਣਗੇ

Sunday, February 27, 2011

ਪੰਜਾਬੀ ਟਾਈਪਿੰਗ ਟਿਊਟਰ ਦਾ ਕਮਾਲ


ਹੁਣ ਟਾਈਪਿੰਗ ਸਿਖਾਏਗਾ ਗੁਰਮੁਖੀ ਟਾਈਪਿੰਗ ਗੁਰੂ

ਕੰਪਿਊਟਰ ਦੀ ਵਰਤੋਂ ਦੌਰਾਨ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਲਈ ਵਰਤੋਂਕਾਰ ਦੁਆਰਾ ਦੋ ਤਰ੍ਹਾਂ ਦੇ ਕੀ-ਬੋਰਡ, ਰਮਿੰਗਟਨ ਅਤੇ ਫੋਨੈਟਿਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਰਮਿੰਗਟਨ ਕੀ-ਬੋਰਡ ਤੇ ਉਹ ਵਰਤੋਂਕਾਰ ਕੰਮ ਕਰਦੇ ਹਨ ਜੋ ਰਵਾਇਤੀ ਟਾਈਪ ਮਸ਼ੀਨ ਦੇ ਕੀ-ਬੋਰਡ ਤੋਂ ਜਾਣੂ ਹਨ। ਟਾਈਪ ਮਸ਼ੀਨ ਦੇ ਕੀ-ਬੋਰਡ ਉੱਤੇ ਅੱਖਰਾਂ ਦੀਆਂ ਕੀਜ਼ ਕ੍ਰਮਵਾਰ ਨਹੀਂ ਹੁੰਦੀਆਂ ਸਗੋਂ ਅੱਖਰਾਂ ਨੂੰ ਵਰਤੋਂ ਦੇ ਆਧਾਰ ਤੇ ਸੈੱਟ ਕੀਤਾ ਜਾਂਦਾ ਹੈ। ਰਮਿੰਗਟਨ ਨੂੰ ਸ਼ੁਰੂ ਵਿਚ ਸਿੱਖਣਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਵਰਤੋਂਕਾਰ ਇਸ ਤੇ ਲਗਾਤਾਰ ਕੰਮ ਕਰਦਾ ਹੈ ਤਾਂ ਉਹ ਤੇਜ਼ ਗਤੀ ਨਾਲ ਕੰਮ ਕਰਨ ਦਾ ਆਦੀ ਹੋ ਜਾਂਦਾ ਹੈ। ਦੂਜੇ ਪਾਸੇ ਫੋਨੈਟਿਕ ਕੀ-ਬੋਰਡ ਦੀ ਸ਼ੁਰੂਆਤੀ ਵਰਤੋਂ ਤਾਂ ਸੌਖੀ ਹੁੰਦੀ ਹੈ ਪਰ ਇਸ ਤੇ ਕੰਮ ਕਰਨ ਦੀ ਗਤੀ ਰਮਿੰਗਟਨ ਤੋਂ ਘੱਟ ਰਹਿ ਸਕਦੀ ਹੈ।

ਪੰਜਾਬੀ ਭਾਸ਼ਾ ਵਿਚ ਰਮਿੰਗਟਨ ਕੀ-ਬੋਰਡ ਦੀ ਟਾਈਪ ਸੌਖੇ ਤਰੀਕੇ ਨਾਲ ਸਿੱਖਣ ਲਈ ਗੁਰਮੁਖੀ ਟਾਈਪਿੰਗ ਗੁਰੂ (ਜੀ. ਟੀ. ਜੀ.) ਨਾਮ ਦਾ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਇਹ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਡਾ: ਰਾਜਵਿੰਦਰ ਸਿੰਘ ਅਤੇ ਸੀ| ਜੇ| ਸਾਫਟੈੱਕ, ਪਟਿਆਲਾ ਦੇ ਸ੍ਰੀ ਚਰਨਜੀਵ ਸਿੰਘ ਨੇ ਤਿਆਰ ਕੀਤਾ ਹੈ। ਇਸ ਸਾਫ਼ਟਵੇਅਰ ਨੂੰ ਡਾਊਨਲੋਡ ਕਰਨ ਲਈ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਾਲੇ ਪੰਨੇ (punjabiuniversity.ac.in/punjabidepartment) ਤੇ ਜਾਇਆ ਜਾ ਸਕਦਾ ਹੈ।

ਇਹ ਸਾਫ਼ਟਵੇਅਰ ਵਰਤੋਂਕਾਰਾਂ ਨੂੰ ਟਾਈਪਿੰਗ ਦੇ ਪ੍ਰਮੁੱਖ ਨੁਕਤਿਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਖਰ, ਸ਼ਬਦ, ਵਾਕ ਆਦਿ ਦਾ ਕਦਮ-ਦਰ-ਕਦਮ ਅਭਿਆਸ ਕਰਵਾਉਣ ਦੀ ਮੁਹਾਰਤ ਵੀ ਰੱਖਦਾ ਹੈ। ਇਸ ਪ੍ਰੋਗਰਾਮ ਦੀ ਸੀ|ਡੀ| ਪ੍ਰਾਪਤ ਕਰਨ ਜਾਂ ਮਦਦ ਲਈ rajwinderpup@gmail.com ਤੇ ਮੇਲ ਕੀਤਾ ਜਾ ਸਕਦਾ ਹੈ। ਗੁਰਮੁਖੀ ਟਾਈਪਿੰਗ ਗੁਰੂ ਇੰਸਟਾਲ ਕਰਨ ਲਈ ਤੁਹਾਡੇ ਕੰਪਿਊਟਰ ਵਿੰਡੋ ਐਕਸ ਪੀ ਦਾ ਘੱਟੋ-ਘੱਟ ਸਰਵਿਸ ਪੈਕ-2, ਰੈਮ ੧੨੮ ਐਮ.ਬੀ., ਭੰਡਾਰਨ ਸਮਰੱਥਾ ੩੦੦ ਐਮ.ਬੀ. ਅਤੇ ਸਿਸਟਮ ਵਿਚ ਅਸੀਸ ਫੌਂਟ ਇੰਸਟਾਲ ਹੋਣਾ ਲਾਜ਼ਮੀ ਹੈ।

ਸੀ.ਪੀ. ਕੰਬੋਜ

ਇਹ ਲੇਖ ਅੱਜ 27 ਫਰਵਰੀ ਦੇ ਅਜੀਤ ਅਖ਼ਬਾਰ ਤੇ ਛਪਿਆ ਹੈ

(ਅਜੀਤ ਅਖ਼ਬਾਰ ਤੋਂ ਧੰਨਵਾਦ ਸਹਿਤ)

Tuesday, February 15, 2011

ਦੇਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਸਾਹਿਤਕ ਮਿਲਣੀ



‘‘ਪਿਤਾ ਜੀ ਦਾ ਲੋਕ-ਲਹਿਰਾਂ ਵਿਚ ਸ਼ਾਮਿਲ ਰਹਿਣਾ ਤੇ ਪੁਲਿਸ ਨੂੰ ਘਰ ਆਉਂਦੇ-ਜਾਂਦੇ ਦੇਖਦੇ ਦਾ ਹੀ ਬਚਪਨ ਬੀਤਿਆ, ਇਹਨਾਂ ਘਟਨਾਵਾਂ ਨੇ ਮੇਰੇ ਅੰਦਰ ਸੰਘਰਸ਼ ਦੇ ਬੀਜ ਬੋਅ ਦਿੱਤੇ ਜੋ ਬਾਅਦ ਵਿਚ ਮੇਰੇ ਨਾਟਕਾਂ ਤੇ ਰੰਗਮੰਚ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਿਲ ਹਨ ’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਈ ਗਈ ਸਾਹਿਤਕ ਮਿਲਣੀ ਸਮੇਂ ਬੋਲਦਿਆਂ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਦਵਿੰਦਰ ਦਮਨ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਪੇਂਡੂ ਪਰਿਵਾਰ ਚ ਪੈਦਾ ਹੋਏ ਤੇ ਬਚਪਨ ਵਿਚ ਮਾਤਾ ਜੀ ਦੀ ਮੌਤ ਹੋ ਜਾਣ ਕਰਕੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਚੰਗੀ ਤਰ੍ਹਾਂ ਪੜ੍ਹਾਈ ਨਾ ਹੋ ਸਕੀ ਤੇ ਮਸਾਂ ਦਸਵੀਂ ਤਕ ਦੀ ਪੜ੍ਹਾਈ ਹੋ ਸਕੀ ਪਰ ਸਕੂਲ ਸਮੇਂ ਦਾ ਅਦਾਕਾਰੀ ਦਾ ਸ਼ੌਕ ਨਾਟਕ ਦੇ ਖੇਤਰ ਵਿਚ ਲੈ ਆਇਆ।ਉਨ੍ਹਾਂ ਇਹ ਵੀ ਦੱਸਿਆ ਕਿ ਹਰਪਾਲ ਟਿਵਾਣਾ ਜਿਹੇ ਉੱਘੇ ਰੰਗਕਰਮੀਆਂ ਸਮੇਤ ਬਹੁਤ ਲੋਕਾਂ ਤੋ ਕਲਾ ਦੇ ਗੁਰ ਸਿੱਖੇ। ਬਾਅਦ ਵਿਚ ਸਾਹਿਤ ਦੇ ਖੇਤਰ ਵਿੱਚ ਇਕ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਹੋਏ। ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਕਲਾ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਤੇ ਉਹ ਹਮੇਸ਼ਾ ਚੇਤੰਨ ਤੌਰ ਤੇ ਸਮਾਜਿਕ ਵਰਤਾਰਿਆਂ ਖਾਸਕਰ ਰਾਜਨੀਤਿਕ ਘਟਨਾਵਾਂ ਨੂੰ ਲੋਕ-ਪੱਖੀ ਦ੍ਰਿਸ਼ਟੀ ਤੋਂ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦੇ ਹਨ।

ਇਸ ਮੌਕੇ ਉਹਨਾਂ ਨਾਲ ਆਏ ਮੈਡਮ ਜਸਵੰਤ ਦਮਨ ਨੇ ਵੀ ਅਪਣੀ ਜ਼ਿੰਦਗੀ ਤੇ ਕਲਾ ਨਾਲ ਜੁੜੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਮੈਡਮ ਦਮਨ ਨੇ ਕਿਹਾ ਕਿ ਉਹ ਦੋਵੇਂ ਜੀਅ ਰੰਗਮੰਚ ਨੂੰ ਸਮਰਪਿਤ ਹਨ ਤੇ ਉਹਨਾਂ ਦੇ ਤਾਂ ਬੱਚੇ ਵੀ ਸਟੇਜਾਂ ਉੱਪਰ ਖੇਡਦੇ-ਖੇਡਦੇ ਹੀ ਪਲੇ ਹਨ। ਉਨ੍ਹਾਂ ਸੰਜੀਦਾ ਕਲਾਕਾਰਾਂ ਦੀ ਓਸ ਹੋਣੀ ਦੀ ਗਲ ਵੀ ਕੀਤੀ ਜੋ ਕਲਾਕਾਰ ਸਮਾਜਿਕ ਤਬਦੀਲੀ ਲਈ ਆਪਣੀ ਕਲਾ ਨੂੰ ਵਰਤਦੇ ਹਨ ਪਰ ਇਸ ਮੁਸ਼ਕਲ ਭਰੇ ਕਾਰਜ ਵਿਚ ਬਹੁਤ ਕੁਝ ਗੁਆ ਵੀ ਦਿੰਦੇ ਹਨ ਪਰ ਸਾਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ ਤੇ ਬਹੁਤ ਸਾਰੇ ਮੁਲਕਾਂ ਵਿਚ ਉਹਨਾਂ ਨੇ ਆਪਣੀਆਂ ਰੰਗਮੰਚੀ ਪੇਸ਼ਕਾਰੀਆਂ ਕੀਤੀਆਂ ਹਨ।

ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਦਵਿੰਦਰ ਦਮਨ ਤੇ ਜਸਵੰਤ ਦਮਨ ਦੀ ਜੋੜੀ ਨੇ ਪੰਜਾਬੀ ਨਾਟਕ ਨੂੰ ਇਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ , ਗੁਰਸ਼ਰਨ ਭਾਅ ਜੀ ਤੇ ਅਜਮੇਰ ਸਿੰਘ ਔਲਖ ਵਾਂਗ ਉਨ੍ਹਾਂ ਦੀ ਕਲਾ ਨਾਲ ਤੇ ਆਮ ਲੋਕਾਂ ਪ੍ਰਤੀ ਪ੍ਰਤਿਬੱਧਤਾ ਕਾਰਨ ਉਹ ਲੋਕਾਂ ਵਿਚ ਬਹੁਤ ਮਕਬੂਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜੋੜੀ ਨੇ ਪਿੰਡਾਂ ਦੇ ਰੰਗਮੰਚ ਤੋਂ ਲੈ ਕੇ ਬਾੱਲੀਵੁੱਡ ਦੀਆਂ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ ਹੈ ਅਤੇ ਦਵਿੰਦਰ ਦਮਨ ਹੋਰਾਂ ਦਾ ਲਿਖਿਆ ਨਾਟਕ ਛਿਪਣ ਤੋਂ ਪਹਿਲਾਂ ਅੱਜ ਵੀ ਬਹੁਤ ਲੋਕਾਂ ਵਲੋਂ ਖੇਡਿਆ ਜਾ ਰਿਹਾ ਹੈ ਓਥੇ ਉਨ੍ਹਾਂ ਦਾ ਨਾਟਕ ਕਤਰਾ-ਕਤਰਾ ਜ਼ਿੰਦਗੀ ਅੱਜ-ਕੱਲ੍ਹ ਦੀ ਸਮਾਜਿਕ ਖੜੋਤ ਵਾਲੀ ਸਥਿਤੀ ਬਾਰੇ ਬੜੀ ਚਿੰਤਨਸ਼ੀਲ ਰਚਨਾ ਹੈ। ਧੰਨਵਾਦੀ ਸ਼ਬਦ ਬੋਲਦਿਆਂ ਡਾ. ਜਸਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਇਸ ਉਥਲ-ਪੁਥਲ ਵਾਲੇ ਦੌਰ ਵਿਚ ਦਵਿੰਦਰ ਦਮਨ ਵਰਗੇ ਪ੍ਰਤੀਬੱਧ ਨਾਟਕਕਾਰ ਤੇ ਮੈਡਮ ਜਸਵੰਤ ਦਮਨ ਵਰਗੇ ਸੰਜੀਦਾ ਰੰਗਕਰਮੀ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨਇਸ ਸਮੇਂ ਡਾ. ਸੁਰਜੀਤ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਡਾ. ਗੁਰਜੰਟ ਸਿੰਘ, ਡਾ. ਜਸਪਾਲ ਕੌਰ ਅਤੇ ਵਿਭਾਗ ਦੇ ਰਿਸਰਚ ਸਕਾਲਰ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਦਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਸੰਵਾਦ ਰਚਾਇਆ। ਮੰਚ ਸੰਚਾਲਨ ਰਿਸਰਚ ਸਕਾਲਰ ਪਰਮਜੀਤ ਕੱਟੂ ਨੇ ਕੀਤਾ।

ਅਜਮੇਰ ਸਿੰਘ ਔਲਖ ਵਿਦਆਰਥੀਆਂ ਦੇ ਰੂ-ਬ-ਰੂ


‘‘ਪੰਜਾਬ ਦੀ ਬਹੁਗਿਣਤੀ ਪਿੰਡਾਂ ਵਿੱਚ ਵੱਸਦੀ ਹੈ, ਜਿਨ੍ਹਾਂ ਦੀਆਂ ਆਪਣੀਆਂ ਦੁਸ਼ਵਾਰੀਆਂ ਤੇ ਤਕਲੀਫਾਂ ਹਨ, ਮੇਰੇ ਨਾਟਕ ਲੋਕਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ, ਉਸੇ ਨੂੰ ਜਾਗਰੂਕ ਕਰਦੇ ਹਨ, ਆਮ ਲੋਕਾਂ ਲਈ ਕਲਾ ਨੂੰ ਵਰਤਣਾ ਹੀ ਮੇਰੀ ਜ਼ਿੰਦਗੀ ਦਾ ਉਦੇਸ਼ ਹੈ’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਏ ਗਏ ਰੂਬਰੂ ਸਮਾਗਮ ਵਿੱਚ ਬੋਲਦਿਆਂ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਅਜਮੇਰ ਸਿੰਘ ਔਲਖ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਨਿਮਨ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ, ਕਿਸਾਨੀ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਆਪਣੇ ਪਿੰਡੇ ਤੇ ਹੰਢਾਇਆ ਹੈ ਤੇ ਇਹੀ ਅਨੁਭਵ ਪਹਿਲਾਂ ਪਹਿਲ ਉਨ੍ਹਾਂ ਦੇ ਗੀਤਾਂ ਵਿੱਚ, ਕਹਾਣੀ ਜਾਂ ਨਾਵਲ ਵਿੱਚ ਆਇਆ ਜੋ ਕਿਤਾਬੀ ਰੂਪ ਵਿੱਚ ਨਹੀਂ ਛਪਿਆ, ਪਰ ਉਹ ਸਾਹਿਤ ਦੇ ਖੇਤਰ ਵਿੱਚ ਇਕ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਹੋਏ। ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਕਲਾ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਜਿੱਥੇ ਲੋਕਾਂ ਨੇ ਉਨ੍ਹਾਂ ਦੀ ਕਲਾਂ ਨੂੰ ਬਹੁਤ ਜ਼ਿਆਦਾ ਪ੍ਰਵਾਨ ਕੀਤਾ ਉਥੇ ਉਨ੍ਹਾਂ ਦੀ ਜ਼ਿੰਦਗੀ ਵਿਚ ਆਏ ਦੁੱਖ ਤਕਲੀਫਾਂ ਸਮੇਂ ਵੀ ਹਰ ਵਰਗ ਨੇ ਉਨ੍ਹਾਂ ਦੀ ਭਰਪੂਰ ਮਦਦ ਕੀਤੀ। ਬਾਕੀ ਸਾਹਿਤ ਰੂਪਾਂ ਨਾਲੋਂ ਨਾਟਕ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਤੇ ਚੇਤੰਨ ਕਰਦਾ ਹੈ।

ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਅਜਮੇਰ ਸਿੰਘ ਔਲਖ ਨਾਲ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਨਾਟਕੀ ਸਫ਼ਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਔਲਖ ਸਾਹਿਬ ਨੇ ਪੰਜਾਬੀ ਨਾਟਕ ਨੂੰ ਇਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ ਤੇ ਗੁਰਸ਼ਰਨ ਭਾਅ ਜੀ ਤੋਂ ਬਾਅਦ ਉਨ੍ਹਾਂ ਦੀ ਕਲਾ ਤੇ ਆਮ ਲੋਕਾਂ ਪ੍ਰਤੀ ਪ੍ਰਤਿਬੱਧਤਾ ਕਾਰਨ ਉਹ ਆਮ ਲੋਕਾਂ ਵਿਚ ਬਹੁਤ ਮਕਬੂਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਨੂੰ ਇਸ ਗੱਲ ਤੇ ਮਾਣ ਹੈ ਕਿ ਅਜਮੇਰ ਸਿੰਘ ਔਲਖ ਵਿਭਾਗ ਦੇ ਪੁਰਾਣੇ ਵਿਦਿਆਰਥੀ ਰਹਿ ਚੁਕੇ ਹਨ। ਸਾਹਿਤ ਸਭਾ ਇੰਚਾਰਜ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਨਾਟਕ ਮੰਡਲੀ ਨੇ ਬਹੁਤ ਸਮਾਂ ਪਹਿਲਾਂ ਅਜਮੇਰ ਔਲਖ ਦੇ ਨਾਟਕਾਂ ਨੂੰ ਰੰਗਮੰਚੀ ਰੂਪ ਦਿੱਤਾ ਸੀ, ਜਿਸ ਨੂੰ ਲੋਕਾਂ ਨੇ ਬੇਹੱਦ ਪ੍ਰਵਾਨਿਤ ਕੀਤਾ ਸੀ। ਡਾ. ਵਰਮਾ ਨੇ ਉਨ੍ਹਾਂ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਧੰਨਵਾਦੀ ਸ਼ਬਦ ਬੋਲਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਉਥਲ-ਪੁਥਲ ਵਾਲੇ ਦੌਰ ਵਿਚ ਅਜਮੇਰ ਸਿੰਘ ਔਲਖ ਵਰਗੇ ਪ੍ਰਤੀਬੱਧ ਨਾਟਕਕਾਰ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨਇਸ ਸਮੇਂ ਡਾ. ਬਲਦੇਵ ਸਿੰਘ ਚੀਮਾ, ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਅਤੇ ਹੋਰਨਾਂ ਵਿਭਾਗਾਂ ਤੋਂ ਡਾ. ਜਸਪਾਲ ਕੌਰ ਅਤੇ ਡਾ. ਬਲਦੇਵ ਸਿੰਘ ਧਾਲੀਵਾਲ ਅਤੇ ਵਿਭਾਗ ਦੇ ਰਿਸਰਚ ਸਕਾਲਰ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਔਲਖ ਸਾਹਿਬ ਨਾਲ ਸੰਵਾਦ ਰਚਾਇਆ। ਮੰਚ ਸੰਚਾਲਨ ਰਿਸਰਚ ਸਕਾਲਰ ਜਸਵੀਰ ਕੌਰ ਖਰੌੜ ਨੇ ਕੀਤਾ।

Tuesday, January 25, 2011

ਡਾ. ਬਲਵਿੰਦਰ ਕੌਰ ਬਰਾੜ ਵਿਦਿਆਰਥੀਆਂ ਨਾਲ ਰੂਬਰੂ
















ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਵਿਭਾਗ ਦੇ ਰਿਟਾਇਰਡ ਪ੍ਰੋਫੈਸਰ ਤੇ ਗਲਪਕਾਰਾ ਡਾ. ਬਲਵਿੰਦਰ ਕੌਰ ਬਰਾੜ ਨਾਲ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ ਗਿਆ, ਜੋ ਤਿੰਨ ਦਹਾਕਿਆਂ ਦੇ ਅਧਿਆਪਨ ਕਾਰਜ ਤੋਂ ਬਾਅਦ ਅੱਜਕਲ੍ਹ ਕੈਨੇਡਾ ਵਿਖੇ ਅਜਕੱਲ੍ਹ ਪਰਵਾਸੀ ਪੰਜਾਬੀ ਮੀਡੀਏ ਵਿਚ ਵੀ ਸਰਗਰਮ ਹਨ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਸੇਵਾ ਲਈ ਕਾਰਜਸ਼ੀਲ ਰਹਿੰਦੇ ਹਨ।



ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਡਾ. ਬਲਵਿੰਦਰ ਕੌਰ ਬਰਾੜ ਨੇ ਆਪਣੇ ਪਰਵਾਸੀ ਅਨੁਭਵ ਦਾ ਜਿ਼ਕਰ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਮਨਾਂ ਵਿਚ ਆਪਣੇ ਵਤਨ ਭਾਸ਼ਾ, ਸਾਹਿਤ, ਸਭਿਆਚਾਰ ਲਈ ਅਥਾਹ ਮੋਹ ਹੈ। ਉਹ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਹਨ ਪਰ ਲੋੜ ਹੈ ਕਿ ਉਨ੍ਹਾਂ ਦੀਆਂ ਭਾਵਨਾਤਮਿਕ ਸਮੱਸਿਆਵਾਂ ਨੂੰ ਸਮਝਿਆ ਜਾਵੇ। ਉਨ੍ਹਾਂ ਨੌਜਵਾਨ ਪੀੜੀ ਨੂੰ ਨਸੀਹਤ ਦਿੱਤੀ ਕਿ ਵਿਦੇਸ਼ ਵਿਚ ਵੀ ਦੇਸ਼ ਵਾਂਗ ਸਭ ਕੁਝ ਅੱਛਾ ਨਹੀਂ ਹੁੰਦਾ। ਵਿਦੇਸ਼ ਸੋਚ-ਸਮਝ ਕੇ ਸਹੀ ਢੰਗ ਨਾਲ ਹੀ ਜਾਣਾ ਚਾਹੀਦਾ ਹੈ।ਸਬਜ਼ਬਾਗਾਂ ਦੀ ਥਾਂ ਯਥਾਰਥਕ ਪ੍ਰਸਿਥਿਤੀਆਂ ਨੂੰ ਸਮਝਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਅਧਿਆਪਨ ਕਾਰਜ ਬਾਰੇ ਗੱਲ ਕਰਦਿਆਂ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਦੇ ਸਤਿਕਾਰਤ ਅਤੇ ਅਪਣੱਤ ਭਰੇ ਰਿਸ਼ਤੇ ਸਮਾਜ ਨੂੰ ਚੰਗਾ ਬਣਾਉਣ ਲਈ ਬਹੁਤ ਜ਼ਰੂਰੀ ਹਨ।


ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਡਾ. ਬਲਵਿੰਦਰ ਕੌਰ ਬਰਾੜ ਨਾਲ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਖਾਲਸਾ ਕਾਲਜ ਪਟਿਆਲਾ ਵਿਖੇ ਅਧਿਆਪਨ ਕਾਰਜ ਸਮੇਤ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਲਗਭਗ 38 ਸਾਲ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਮੈਡਮ ਬਰਾੜ ਦੇ ਲੇਖਣ ਕਾਰਜ ਦਾ ਜਿ਼ਕਰ ਕਰਦਿਆਂ ਕਿਹਾ ਕਿ ਮੈਡਮ ਬਰਾੜ ਨੇ ਸਭੇ ਸਾਕ ਕੁੜਾਵੇ (ਨਾਵਲ) ਅਤੇ ਮਿੱਟੀ ਨਾ ਫਰੋਲ ਜੋਗੀਆ, ਤਲੀ ਤੇ ਉਗਿਆ ਫੁੱਲ, ਪੂਣੀਆਂ-ਗਲੋਟੇ ਆਦਿ ਕਹਾਣੀ ਸੰਗ੍ਰਿਹਾਂ ਬਾਰੇ ਸੰਖੇਪ ਚਰਚਾ ਕੀਤੀ।
ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਮੈਡਮ ਬਰਾੜ ਦੀ ਪੰਜਾਬੀ ਪ੍ਰਤੀ ਬਚਨਬੱਧਤਾ ਦਾ ਜਿ਼ਕਰ ਕਰਦਿਆਂ ਕਿਹਾ ਕਿ ਉਹ ਪੰਜਾਬੀ ਦੇ ਹੱਕ ਵਿਚ ਹਮੇਸ਼ਾਂ ਹੀ ਨਿਧੜਕ ਹੋ ਕੇ ਖੜ੍ਹੇ ਹਨ। ਡਾ. ਸੁਰਜੀਤ ਸਿੰਘ ਨੇ ਆਪਣੇ ਵਿਦਿਆਰਥੀ ਜੀਵਨ ਸਮੇਂ ਦੀ ਮੈਡਮ ਬਰਾੜ ਨਾਲ ਸਾਂਝ ਦਾ ਜਿ਼ਕਰ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਵਿਦਿਆਰਥੀਆਂ ਦੀ ਮਦਦ ਕਰਦੇ ਰਹੇ ਹਨ ਅਤੇ ਪੰਜਾਬੀ ਵਿਭਾਗ ਉਨ੍ਹਾਂ ਪਦ-ਚਿੰਨ੍ਹਾਂ ਤੇ ਚਲਦਿਆਂ ਵਿਦਿਆਰਥੀਆਂ ਦੀ ਹਰ ਪੱਖੋਂ ਮਦਦ ਕਰਨ ਦੇ ਯਤਨ ਕਰਦਾ ਰਹਿੰਦਾ ਹੈ।
ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਮੈਡਮ ਬਰਾੜ ਨਾਲ ਸੰਜੀਦਾ ਸੰਵਾਦ ਰਚਾਇਆ। ਵਿਭਾਗ ਦੇ ਅਧਿਆਪਕਾਂ ਡਾ. ਸਤੀਸ਼ ਕੁਮਾਰ ਵਰਮਾ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ, ਸ. ਲਖਵੀਰ ਸਿੰਘ ਤੋਂ ਇਲਾਵਾ ਸੈਂਕੜੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਵਿਭਾਗ ਦੇ ਰਿਸਰਚ ਸਕਲਾਰ ਪਰਮਜੀਤ ਸਿੰਘ ਕੱਟੂ ਨੇ ਮੰਚ ਸੰਚਾਲਨ ਕੀਤਾ।