ਪੰਜਾਬੀ ਵਿਭਾਗ ਪੰਜਾਬੀ ਯੂਨੀਵਰਿਸਟੀ ਵਿਖੇ ਸਾਡੇ ਸਮਿਆਂ ਦੇ ਯੁੱਗ-ਪੁਰਸ਼, ਤਰਕਸ਼ੀਲ ਲਹਿਰ ਦੇ ਮੋਢੀ, ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ, ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਗੁਰਸ਼ਰਨ ਸਿੰਘ (ਭਾਈ ਮੰਨਾ ਜੀ) ਦੇ ਸਦੀਵੀ ਵਿਛੋੜੇ ਸਬੰਧੀ ਇਕ ਸ਼ੋਕ ਸਭਾ ਰੱਖੀ ਗਈ। ਭਾਈ ਮੰਨਾ ਜੀ ਨੇ ਆਪਣੀ ਸਾਰੀ ਉਮਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ, ਇਕ ਬਿਹਤਰ ਸਮਾਜ ਸਿਰਜਣ ਦੇ ਲੇਖੇ ਲਗਾਈ। ਸਮਾਜ ਲਈ ਉਹਨਾਂ ਦੀ ਪ੍ਰਤੀਬੱਧਤਾ ਆਪਣੇ ਆਪ ਵਿਚ ਇਕ ਮਿਸਾਲ ਹੈ ਤੇ ਅਸਲੀ ਅਰਥਾਂ ਵਿਚ ਉਹ ਸ਼ਹੀਦ ਭਗਤ ਸਿੰਘ ਦੇ ਵਾਰਸ ਬਣੇ ਰਹੇ । ਇਸ ਮੌਕੇ ਬੋਲਦਿਆਂ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਭਾਈ ਮੰਨਾ ਜੀ ਵਿਆਕਤੀ ਨਹੀਂ ਸੰਸਥਾ ਸਨ, ਉਹਨਾਂ ਨੇ ਸਾਰੀ ਉਮਰ ਅਨਿਆਂ ਦੇ ਖਿਲਾਫ਼ ਸੰਘਰਸ਼ ਕੀਤਾ, ਰੰਗਮੰਚ ਨੂੰ ਪਿੰਡਾਂ ਤਕ ਨੇ ਕੇ ਗਏ ਤੇ ਹਮੇਸ਼ਾ ਸਾਧਨ-ਹੀਣਾਂ ਦੇ ਹੱਕ ਵਿਚ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਭਾਗ ਨਾਲ ਭਾਈ ਮੰਨਾ ਜੀ ਦਾ ਨੇੜਲਾ ਸਬੰਧ ਰਿਹਾ, ਉਹ ਸਮੇਂ-ਸਮੇਂ ਵਿਦਿਆਰਥੀਆਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਲਈ ਪ੍ਰੇਰਣਾ ਬਣਦੇ ਰਹੇ। ਡਾ. ਬਰਾੜ ਨੇ ਕਿਹਾ ਕਿ ਉਹਨਾਂ ਦੀ ਅਗਾਂਹਵਧੂ ਸੋਚ ਓਦੋਂ ਤਕ ਸਾਡਾ ਮਾਰਗ-ਦਰਸ਼ਨ ਕਰਦੀ ਰਹੇਗੀ ਜਦੋਂ ਤਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ।
ਇਸ ਮੌਕੇ ਬੋਲਦਿਆਂ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿਚ ਪਹਿਲੀ ਵਾਰ ਸਮਾਜਿਕ ਸਰਗਰਮੀ ਦਾ ਅਰਥ ਭਾਈ ਮੰਨਾ ਜੀ ਤੋਂ ਸਿੱਖਿਆ। ਉਨ੍ਹਾਂ ਕਿਹਾ ਕਿ ਭਾਈ ਮੰਨਾ ਜੀ ਦੀ ਪ੍ਰਤੀਬੱਧਤਾ ਸਾਡੇ ਸਾਰਿਆਂ ਲਈ ਮਿਸਾਲ ਹੈ ਤੇ ਉਨ੍ਹਾਂ ਦਾ ਤੁਰ ਜਾਣਾ ਪੰਜਾਬੀ ਜਗਤ ਲਈ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ। ਪ੍ਰੋ. ਜਸਵਿੰਦਰ ਸਿੰਘ ਨੇ ਕਿਹਾ ਕਿ ਭਾਈ ਮੰਨਾ ਜੀ ਪੇਸ਼ੇ ਵਜੋਂ ਇੰਜਨੀਅਰ ਹੋਣ ਦੇ ਬਾਵਜੂਦ ਪਰਿਵਾਰਕ ਐਸ਼ੋ-ਆਰਾਮ ਵਾਲੀ ਜ਼ਿੰਦਗੀ ਤਿਆਗ ਕੇ ਲੋਕਾਂ ਦੀ ਮੁਕਤੀ ਲਈ ਲੋਕਾਂ ਵਿਚ ਜਾ ਕੇ ਅਗਾਂਹਵਧੂ ਸਰਗਰਮੀਆਂ ਕਰਨ ਵਾਲੀ ਸਖਸ਼ੀਅਤ ਸਨ ਜੋ ਇਤਿਹਾਸ ਵਿਚ ਕਦੇ-ਕਦੇ ਹੀ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਵਿਭਾਗ ਦੇ ਯਤਨਾਂ ਨਾਲ ਪੰਜਾਬੀ ਯੂਨੀਵਰਸਿਟੀ ਨੇ ਭਾਈ ਮੰਨਾ ਜੀ ਨੂੰ ਲਾਈਫ ਫੈਲੋ ਪ੍ਰਦਾਨ ਕੀਤੀ ਤੇ ਬਾਅਦ ਵਿਚ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਡੀ.ਲਿਟ ਦੀ ਡਿਗਰੀ ਦੇ ਕੇ ਖੁਦ ਨੂੰ ਸਨਮਾਨਿਆ ਮਹਿਸੂਸ ਕੀਤਾ। ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਭਾਈ ਮੰਨਾ ਜੀ ਬਹੁਤ ਘੱਟ ਸਟੇਜੀ ਸਾਧਨਾਂ ਨਾਲ ਹੀ ਆਪਣਾ ਵੱਡਾ ਸੁਨੇਹਾ ਦੇਣ ਦੇ ਸਮਰੱਥ ਸਨ। ਪਿੰਡਾਂ ਵਿਚ ਨਾਟਕਾਂ ਰਾਹੀਂ ਚੇਤਨਤਾ ਲਿਆਉਣ ਵਿਚ ਭਾਈ ਮੰਨਾ ਜੀ ਦੀ ਹਾਲੇ ਤਕ ਕੋਈ ਬਦਲ ਨਹੀਂ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਬਲਦੇਵ ਸਿੰਘ ਚੀਮਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੋਜਾਰਥੀਆਂ ਤੇ ਵਿਦਿਆਰੀਆਂ ਨੇ ਸ਼ੋਕ ਸਭਾ ਵਿਚ ਭਾਈ ਮੰਨਾ ਜੀ ਦੀ ਯਾਦ ਵਿਚ ਮੌਨ ਧਾਰ ਕੇ ਉਹਨਾਂ ਯਾਦ ਕੀਤਾ।
No comments:
Post a Comment