ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਜਸਪਾਲ ਸਿੰਘ ਨੇ ਪੰਜਾਬੀ ਵਿਭਾਗ ਵੱਲੋਂ ਤਿਆਰ ਕੀਤੀਆਂ ਅਤੇ ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਚਾਰ ਪੁਸਤਕਾਂ ਦਾ ਸੈਟ ਰਿਲੀਜ਼ ਕੀਤਾ। ਇਹ ਪੁਸਤਕਾਂ ਹਨ : ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ : ਸਿਧਾਂਤ ਤੇ ਰੂਪਾਂਤਰਣ (ਸੰਪਾਦਕ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡਾ. ਬਲਦੇਵ ਸਿੰਘ ਚੀਮਾ), ਲੋਕਧਾਰਾ ਅਤੇ ਆਧੁਨਿਕ : ਰੂਪਾਂਤਰਣ ਅਤੇ ਪੁੰਨਰ ਮੁਲਾਂਕਣ (ਸੰਪਾਦਕ ਡਾ. ਜਸਵਿੰਦਰ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ), ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ : ਅੰਤਰ ਸੰਵਾਦ (ਸੰਪਾਦਕ ਡਾ. ਗੁਰਮੁਖ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ), ਪੰਜਾਬੀ ਡਾਇਸਪੋਰਾ : ਅਧਿਐਨ ਤੇ ਅਧਿਆਪਨ (ਸੰਪਾਦਕ ਡਾ. ਸੁਰਜੀਤ ਸਿੰਘ, ਡਾ. ਬਲਦੇਵ ਸਿੰਘ ਚੀਮਾ)। ਇਸ ਮੌਕੇ ਤੇ ਵਾਈਸ ਚਾਂਸਲਰ ਸਾਹਿਬ ਨੇ ਵਿਭਾਗ ਨੂੰ ਮੁਬਾਰਕਬਾਦ ਦਿੱਤੀ ਤੇ ਆਖਿਆ ਕਿ ਸੈਮੀਨਾਰਾਂ ਵਿਚ ਵਿਚਾਰਾਂ ਦਾ ਮੰਥਨ ਹੁੰਦਾ ਹੈ ਪਰ ਵਿਚਾਰ ਹਾਜ਼ਰ ਲੋਕਾਂ ਤੱਕ ਸੀਮਤ ਰਹਿ ਜਾਂਦੇ ਹਨ। ਪਰ ਪੁਸਤਕ ਰੂਪ ਵਿਚ ਖੋਜ ਪੱਤਰ ਛਪਣ ਨਾਲ ਵਧੇਰੇ ਲੋਕਾਂ ਤੱਕ ਪੁਜ ਸਕਦੇ ਹਨ। ਇਸ ਮੌਕੇ ਤੇ ਵਿਭਾਗ ਤੇ ਮੁਖੀ ਤੇ ਇਨ੍ਹਾਂ ਪੁਸਤਕਾਂ ਦੇ ਮੁਖ ਸੰਪਾਦਕ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਹ ਪੁਸਤਕਾਂ ਯੂ.ਜੀ.ਸੀ ਦੀ ਮਰਜ਼ਡ ਸਕੀਮ ਅਧੀਨ ਪ੍ਰਾਪਤ ਰਾਸ਼ੀ ਦੀ ਮਦਦ ਨਾਲ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਵਿਚ ਡਾਇਸਪੋਰਾ ਨਾਲ ਸਬੰਧਿਤ ਦਸ, ਸਾਹਿਤ ਰੂਪਾਕਾਰ ਨਾਲ ਸਬੰਧਿਤ 31, ਲੋਕਧਾਰਾ ਨਾਲ ਸਬੰਧਿਤ 09 ਅਤੇ ਮੀਡੀਆਂ ਨਾਲ ਸਬੰਧਿਤ 20 ਖੋਜ-ਪੇਪਰ ਸ਼ਾਮਿਲ ਹਨ ਤੇ ਇਸ ਪ੍ਰਕਾਰ ਕੁਲ ਮਿਲਾ ਕੇ 70 ਖੋਜ-ਪੇਪਰ ਪ੍ਰਕਾਸ਼ਤ ਹੋ ਰਹੇ ਹਨ। ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਵਿਚ ਡਾ. ਜੋਗਿੰਦਰ ਸਿੰਘ ਰਾਹੀ, ਡਾ. ਰਾਣਾ ਨਈਅਰ, ਸ੍ਰੀ ਅਮਰਜੀਤ ਸਿੰਘ ਗਰੇਵਾਲ ਵਰਗੇ ਸਥਾਪਤ ਵਿਦਵਾਨ ਸ਼ਾਮਿਲ ਹਨ, ਉਥੇ ਇਨ੍ਹਾਂ ਵਿਚ ਬਿਲਕੁਲ ਨਵੇਂ ਖੋਜਾਰਥੀਆਂ ਦੇ ਪਰਚੇ ਵੀ ਸ਼ਾਮਿਲ ਹਨ। ਇਨ੍ਹਾਂ ਖੋਜ-ਪੱਤਰਾਂ ਵਿਚ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ , ਲੋਕਧਾਰਾ ਦਾ ਮੁਹਾਂਦਰਾ ਹੀ ਨਹੀਂ ਪਛਾਣਿਆ ਗਿਆ ਸਗੋ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਆ ਰਹੀਆਂ ਚੁਣੌਤੀਆਂ ਨੂੰ ਵਿਸ਼ਲੇਸ਼ਤ ਵੀ ਕੀਤਾ ਗਿਆ ਹੈ। ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ ਨਾਲ ਪੰਜਾਬੀ ਗਿਆਨ ਦੇ ਦਿਸਹੱਦੇ ਵੀ ਵਸੀਹ ਹੁੰਦੇ ਹਨ। ਇਸ ਤੋਂ ਇਲਾਵਾ ਇਹ ਪੁਸਤਕਾਂ ਅਧਿਐਨ ਤੇ ਅਧਿਆਪਨ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਹਾਸਲ ਕਰਨਗੀਆਂ ਅਤੇ ਪੰਜਾਬੀ ਖੋਜ ਨਾਲ ਸਬੰਧਿਤ ਮਿਆਰੀ ਸਹਾਇਕ ਸਮੱਗਰੀ ਵੀ ਪ੍ਰਦਾਨ ਕਰਨਗੀਆਂ। ਇਨ੍ਹਾਂ ਪੁਸਤਕਾਂ ਨੂੰ ਰਲੀਜ਼ ਕਰਨ ਸਮੇਂ ਡਾ. ਜਸਵਿੰਦਰ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਬਲਦੇਵ ਸਿੰਘ ਚੀਮਾ, ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਤੋਂ ਇਲਾਵਾ ਡਾ. ਮਨਮੋਹਨ ਸਹਿਗਲ, ਡਾ. ਪਰਮਵੀਰ ਸਿੰਘ, ਡਾ. ਅਮਰਜੀਤ ਕੌਰ ਅਤੇ ਡਾ. ਹਰਮਹਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਵੀ ਸ਼ਾਮਿਲ ਸਨ।
No comments:
Post a Comment