‘‘ਪੰਜਾਬ ਦੀ ਬਹੁਗਿਣਤੀ ਪਿੰਡਾਂ ਵਿੱਚ ਵੱਸਦੀ ਹੈ, ਜਿਨ੍ਹਾਂ ਦੀਆਂ ਆਪਣੀਆਂ ਦੁਸ਼ਵਾਰੀਆਂ ਤੇ ਤਕਲੀਫਾਂ ਹਨ, ਮੇਰੇ ਨਾਟਕ ਲੋਕਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ, ਉਸੇ ਨੂੰ ਜਾਗਰੂਕ ਕਰਦੇ ਹਨ, ਆਮ ਲੋਕਾਂ ਲਈ ਕਲਾ ਨੂੰ ਵਰਤਣਾ ਹੀ ਮੇਰੀ ਜ਼ਿੰਦਗੀ ਦਾ ਉਦੇਸ਼ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਏ ਗਏ ਰੂਬਰੂ ਸਮਾਗਮ ਵਿੱਚ ਬੋਲਦਿਆਂ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਅਜਮੇਰ ਸਿੰਘ ਔਲਖ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਨਿਮਨ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ, ਕਿਸਾਨੀ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਆਪਣੇ ਪਿੰਡੇ ਤੇ ਹੰਢਾਇਆ ਹੈ ਤੇ ਇਹੀ ਅਨੁਭਵ ਪਹਿਲਾਂ ਪਹਿਲ ਉਨ੍ਹਾਂ ਦੇ ਗੀਤਾਂ ਵਿੱਚ, ਕਹਾਣੀ ਜਾਂ ਨਾਵਲ ਵਿੱਚ ਆਇਆ ਜੋ ਕਿਤਾਬੀ ਰੂਪ ਵਿੱਚ ਨਹੀਂ ਛਪਿਆ, ਪਰ ਉਹ ਸਾਹਿਤ ਦੇ ਖੇਤਰ ਵਿੱਚ ਇਕ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਹੋਏ। ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਕਲਾ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਜਿੱਥੇ ਲੋਕਾਂ ਨੇ ਉਨ੍ਹਾਂ ਦੀ ਕਲਾਂ ਨੂੰ ਬਹੁਤ ਜ਼ਿਆਦਾ ਪ੍ਰਵਾਨ ਕੀਤਾ ਉਥੇ ਉਨ੍ਹਾਂ ਦੀ ਜ਼ਿੰਦਗੀ ਵਿਚ ਆਏ ਦੁੱਖ ਤਕਲੀਫਾਂ ਸਮੇਂ ਵੀ ਹਰ ਵਰਗ ਨੇ ਉਨ੍ਹਾਂ ਦੀ ਭਰਪੂਰ ਮਦਦ ਕੀਤੀ। ਬਾਕੀ ਸਾਹਿਤ ਰੂਪਾਂ ਨਾਲੋਂ ਨਾਟਕ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਤੇ ਚੇਤੰਨ ਕਰਦਾ ਹੈ।
ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਅਜਮੇਰ ਸਿੰਘ ਔਲਖ ਨਾਲ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਨਾਟਕੀ ਸਫ਼ਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਔਲਖ ਸਾਹਿਬ ਨੇ ਪੰਜਾਬੀ ਨਾਟਕ ਨੂੰ ਇਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ ਤੇ ਗੁਰਸ਼ਰਨ ਭਾਅ ਜੀ ਤੋਂ ਬਾਅਦ ਉਨ੍ਹਾਂ ਦੀ ਕਲਾ ਤੇ ਆਮ ਲੋਕਾਂ ਪ੍ਰਤੀ ਪ੍ਰਤਿਬੱਧਤਾ ਕਾਰਨ ਉਹ ਆਮ ਲੋਕਾਂ ਵਿਚ ਬਹੁਤ ਮਕਬੂਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਨੂੰ ਇਸ ਗੱਲ ਤੇ ਮਾਣ ਹੈ ਕਿ ਅਜਮੇਰ ਸਿੰਘ ਔਲਖ ਵਿਭਾਗ ਦੇ ਪੁਰਾਣੇ ਵਿਦਿਆਰਥੀ ਰਹਿ ਚੁਕੇ ਹਨ। ਸਾਹਿਤ ਸਭਾ ਇੰਚਾਰਜ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਨਾਟਕ ਮੰਡਲੀ ਨੇ ਬਹੁਤ ਸਮਾਂ ਪਹਿਲਾਂ ਅਜਮੇਰ ਔਲਖ ਦੇ ਨਾਟਕਾਂ ਨੂੰ ਰੰਗਮੰਚੀ ਰੂਪ ਦਿੱਤਾ ਸੀ, ਜਿਸ ਨੂੰ ਲੋਕਾਂ ਨੇ ਬੇਹੱਦ ਪ੍ਰਵਾਨਿਤ ਕੀਤਾ ਸੀ। ਡਾ. ਵਰਮਾ ਨੇ ਉਨ੍ਹਾਂ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਧੰਨਵਾਦੀ ਸ਼ਬਦ ਬੋਲਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਉਥਲ-ਪੁਥਲ ਵਾਲੇ ਦੌਰ ਵਿਚ ਅਜਮੇਰ ਸਿੰਘ ਔਲਖ ਵਰਗੇ ਪ੍ਰਤੀਬੱਧ ਨਾਟਕਕਾਰ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨ। ਇਸ ਸਮੇਂ ਡਾ. ਬਲਦੇਵ ਸਿੰਘ ਚੀਮਾ, ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਅਤੇ ਹੋਰਨਾਂ ਵਿਭਾਗਾਂ ਤੋਂ ਡਾ. ਜਸਪਾਲ ਕੌਰ ਅਤੇ ਡਾ. ਬਲਦੇਵ ਸਿੰਘ ਧਾਲੀਵਾਲ ਅਤੇ ਵਿਭਾਗ ਦੇ ਰਿਸਰਚ ਸਕਾਲਰ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਔਲਖ ਸਾਹਿਬ ਨਾਲ ਸੰਵਾਦ ਰਚਾਇਆ। ਮੰਚ ਸੰਚਾਲਨ ਰਿਸਰਚ ਸਕਾਲਰ ਜਸਵੀਰ ਕੌਰ ਖਰੌੜ ਨੇ ਕੀਤਾ।
No comments:
Post a Comment