Tuesday, April 19, 2011

ਡਾ. ਜਸਵਿੰਦਰ ਸਿੰਘ ਰਚਿਤ ਨਾਵਲ ਮਾਤ ਲੋਕ ਦਾ ਲੋਕ-ਅਰਪਣ ਅਤੇ ਵਿਚਾਰ ਗੋਸ਼ਟੀ 21 ਅਪ੍ਰੈਲ ਨੂੰ,


ਮਾਤ ਲੋਕ ਅਧੁਨਿਕ ਪੰਜਾਬੀ ਨਾਵਲ ਦੇ ਨਵੇਂ ਪ੍ਰਤਿਮਾਨ ਸਥਾਪਤ ਕਰਨ ਵਾਲੀ ਰਚਨਾ ਹੈ। ਆਪਣੇ ਸਮੇਂ ਦੇ ਰਾਜਨੀਤਿਕ- ਸੰਸਕ੍ਰਿਤਕ ਖਿਲਾਰੇ ਨੂੰ ਨਾਵਲੀ ਬਿਰਤਾਂਤ ਵਿਚ ਕਿਵੇਂ ਬੰਨ੍ਹਣਾ ਹੈ, ਇਹ ਜੁਗਤਾਂ ਸਿੱਖਣ ਲਈ ਜਸਵਿੰਦਰ ਸਿੰਘ ਦੀ ਸ਼ਾਗਿਰਦੀ ਕੀਤੀ ਜਾ ਸਕਦੀ ਹੈ।ਪਰ ਉਸ ਦੀ ਇਹ ਉਸਤਾਦੀ ਕੇਵਲ ਨਾਵਲ ਰਚਨਾ ਦੀਆਂ ਬਿਰਤਾਂਤਕਾਰੀ ਵਿਧਾਵਾਂ ਦੀ ਮਾਸਟਰੀ ਤੱਕ ਹੀ ਸੀਮਤ ਨਹੀਂ, ਪੰਜਾਬੀ ਭਾਈਚਾਰੇ ਦੇ ਆਰਥਕ ਅਤੇ ਰਾਜਨੀਤਕ ਸੰਸਕ੍ਰਿਤਕ ਤਣਾਵਾਂ ਨੂੰ ਤਲਾਸ਼ਣ ਅਤੇ ਨਵੀਆਂ ਸੰਭਾਵਨਾਵਾਂ ਨੂੰ ਪਹਿਚਾਨਣ ਵਿਚ ਵਧੇਰੇ ਹੈ।ਉਹ ਸਭਿਆਚਾਰ ਚਿੰਤਨ(ਗਿਆਨਕਾਰੀ) ਅਤੇ ਸਭਿਆਚਾਰ ਸਿਰਜਣਾ (ਬਿਰਤਾਂਤਕਾਰੀ) ਦੋਨਾਂ ਦਾ ਮਾਹਿਰ ਹੈ। ਨਾਵਲ ਵਿਚ ਸਮਕਾਲੀ ਪੇਂਡੂ ਪੰਜਾਬ ਦੇ ਸਭਿਆਚਾਰ, ਇਤਿਹਾਸ ਅਤੇ ਜੁਗਰਾਫੀਏ ਦਾ ਇਨਸਾਈਕਲੋਪੀਡਿਕ ਗਿਆਨ ਭਰਿਆ ਪਿਆ ਹੈ। ਪਰ ਇਹ ਗਿਆਨ ਬਿਰਤਾਂਤਕਾਰੀ ਦੇ ਸਮਾਨਾਂਤਰ ਨਹੀਂ ਚਲਦਾ, ਜਿਵੇਂ ਕਿ ਹੀਰ ਵਾਰਿਸ ਵਿਚ ਚਲਦਾ ਹੈ। ਦੇਹ ਅਤੇ ਆਤਮਾ ਨੂੰ ਟੁੰਬਣ ਵਾਲੀ ਬਿਰਤਾਂਤਕਾਰੀ ਵਿਚ ਰੂਪਾਂਤ੍ਰਿਤ ਹੋ ਜਾਂਦਾ ਹੈ। ਉਹ ਗਿਆਨ ਸਾਹਿਤ ਅਤੇ ਸਿਰਜਣਾਤਮਿਕ ਸਾਹਿਤ ਦੇ ਅੰਤਰ ਅਤੇ ਮਹੱਤਵ ਨੂੰ ਸਮਝਦਾ ਹੈ...ਅਮਰਜੀਤ ਗਰੇਵਾਲ

Wednesday, April 6, 2011

ਪੰਜਾਬੀ ਵਿਭਾਗ ਵੱਲੋਂ ਤਿਆਰ ਕੀਤੀਆਂ ਚਾਰ ਪੁਸਤਕਾਂ ਦਾ ਸੈਟ ਰਿਲੀਜ਼

ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਜਸਪਾਲ ਸਿੰਘ ਨੇ ਪੰਜਾਬੀ ਵਿਭਾਗ ਵੱਲੋਂ ਤਿਆਰ ਕੀਤੀਆਂ ਅਤੇ ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਚਾਰ ਪੁਸਤਕਾਂ ਦਾ ਸੈਟ ਰਿਲੀਜ਼ ਕੀਤਾ। ਇਹ ਪੁਸਤਕਾਂ ਹਨ : ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ : ਸਿਧਾਂਤ ਤੇ ਰੂਪਾਂਤਰਣ (ਸੰਪਾਦਕ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡਾ. ਬਲਦੇਵ ਸਿੰਘ ਚੀਮਾ), ਲੋਕਧਾਰਾ ਅਤੇ ਆਧੁਨਿਕ : ਰੂਪਾਂਤਰਣ ਅਤੇ ਪੁੰਨਰ ਮੁਲਾਂਕਣ (ਸੰਪਾਦਕ ਡਾ. ਜਸਵਿੰਦਰ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ), ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ : ਅੰਤਰ ਸੰਵਾਦ (ਸੰਪਾਦਕ ਡਾ. ਗੁਰਮੁਖ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ), ਪੰਜਾਬੀ ਡਾਇਸਪੋਰਾ : ਅਧਿਐਨ ਤੇ ਅਧਿਆਪਨ (ਸੰਪਾਦਕ ਡਾ. ਸੁਰਜੀਤ ਸਿੰਘ, ਡਾ. ਬਲਦੇਵ ਸਿੰਘ ਚੀਮਾ)। ਇਸ ਮੌਕੇ ਤੇ ਵਾਈਸ ਚਾਂਸਲਰ ਸਾਹਿਬ ਨੇ ਵਿਭਾਗ ਨੂੰ ਮੁਬਾਰਕਬਾਦ ਦਿੱਤੀ ਤੇ ਆਖਿਆ ਕਿ ਸੈਮੀਨਾਰਾਂ ਵਿਚ ਵਿਚਾਰਾਂ ਦਾ ਮੰਥਨ ਹੁੰਦਾ ਹੈ ਪਰ ਵਿਚਾਰ ਹਾਜ਼ਰ ਲੋਕਾਂ ਤੱਕ ਸੀਮਤ ਰਹਿ ਜਾਂਦੇ ਹਨ। ਪਰ ਪੁਸਤਕ ਰੂਪ ਵਿਚ ਖੋਜ ਪੱਤਰ ਛਪਣ ਨਾਲ ਵਧੇਰੇ ਲੋਕਾਂ ਤੱਕ ਪੁਜ ਸਕਦੇ ਹਨ। ਇਸ ਮੌਕੇ ਤੇ ਵਿਭਾਗ ਤੇ ਮੁਖੀ ਤੇ ਇਨ੍ਹਾਂ ਪੁਸਤਕਾਂ ਦੇ ਮੁਖ ਸੰਪਾਦਕ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਹ ਪੁਸਤਕਾਂ ਯੂ.ਜੀ.ਸੀ ਦੀ ਮਰਜ਼ਡ ਸਕੀਮ ਅਧੀਨ ਪ੍ਰਾਪਤ ਰਾਸ਼ੀ ਦੀ ਮਦਦ ਨਾਲ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਵਿਚ ਡਾਇਸਪੋਰਾ ਨਾਲ ਸਬੰਧਿਤ ਦਸ, ਸਾਹਿਤ ਰੂਪਾਕਾਰ ਨਾਲ ਸਬੰਧਿਤ 31, ਲੋਕਧਾਰਾ ਨਾਲ ਸਬੰਧਿਤ 09 ਅਤੇ ਮੀਡੀਆਂ ਨਾਲ ਸਬੰਧਿਤ 20 ਖੋਜ-ਪੇਪਰ ਸ਼ਾਮਿਲ ਹਨ ਤੇ ਇਸ ਪ੍ਰਕਾਰ ਕੁਲ ਮਿਲਾ ਕੇ 70 ਖੋਜ-ਪੇਪਰ ਪ੍ਰਕਾਸ਼ਤ ਹੋ ਰਹੇ ਹਨ। ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਵਿਚ ਡਾ. ਜੋਗਿੰਦਰ ਸਿੰਘ ਰਾਹੀ, ਡਾ. ਰਾਣਾ ਨਈਅਰ, ਸ੍ਰੀ ਅਮਰਜੀਤ ਸਿੰਘ ਗਰੇਵਾਲ ਵਰਗੇ ਸਥਾਪਤ ਵਿਦਵਾਨ ਸ਼ਾਮਿਲ ਹਨ, ਉਥੇ ਇਨ੍ਹਾਂ ਵਿਚ ਬਿਲਕੁਲ ਨਵੇਂ ਖੋਜਾਰਥੀਆਂ ਦੇ ਪਰਚੇ ਵੀ ਸ਼ਾਮਿਲ ਹਨ। ਇਨ੍ਹਾਂ ਖੋਜ-ਪੱਤਰਾਂ ਵਿਚ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ , ਲੋਕਧਾਰਾ ਦਾ ਮੁਹਾਂਦਰਾ ਹੀ ਨਹੀਂ ਪਛਾਣਿਆ ਗਿਆ ਸਗੋ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਆ ਰਹੀਆਂ ਚੁਣੌਤੀਆਂ ਨੂੰ ਵਿਸ਼ਲੇਸ਼ਤ ਵੀ ਕੀਤਾ ਗਿਆ ਹੈ। ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ ਨਾਲ ਪੰਜਾਬੀ ਗਿਆਨ ਦੇ ਦਿਸਹੱਦੇ ਵੀ ਵਸੀਹ ਹੁੰਦੇ ਹਨ। ਇਸ ਤੋਂ ਇਲਾਵਾ ਇਹ ਪੁਸਤਕਾਂ ਅਧਿਐਨ ਤੇ ਅਧਿਆਪਨ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਹਾਸਲ ਕਰਨਗੀਆਂ ਅਤੇ ਪੰਜਾਬੀ ਖੋਜ ਨਾਲ ਸਬੰਧਿਤ ਮਿਆਰੀ ਸਹਾਇਕ ਸਮੱਗਰੀ ਵੀ ਪ੍ਰਦਾਨ ਕਰਨਗੀਆਂ। ਇਨ੍ਹਾਂ ਪੁਸਤਕਾਂ ਨੂੰ ਰਲੀਜ਼ ਕਰਨ ਸਮੇਂ ਡਾ. ਜਸਵਿੰਦਰ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਬਲਦੇਵ ਸਿੰਘ ਚੀਮਾ, ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਤੋਂ ਇਲਾਵਾ ਡਾ. ਮਨਮੋਹਨ ਸਹਿਗਲ, ਡਾ. ਪਰਮਵੀਰ ਸਿੰਘ, ਡਾ. ਅਮਰਜੀਤ ਕੌਰ ਅਤੇ ਡਾ. ਹਰਮਹਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਵੀ ਸ਼ਾਮਿਲ ਸਨ।

Tuesday, March 22, 2011

ਪੰਜਾਬੀ ਵਿਭਾਗ ਵੱਲੋਂ ਆਨ-ਲਾਈਨ ਮੌਖਿਕ ਪ੍ਰੀਖਿਆ ਕਰਵਾਈ ਗਈ



ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਅਕਾਦਮਿਕ ਖੇਤਰ ਵਿਚ ਨਵੀਂ ਇਤਿਹਾਸਕ ਪੁਲਾਂਘ ਪੁਟਦਿਆਂ ਅੱਜ ਵੀਡੀਓ ਕਾਨਫਰੰਸ ਰਾਹੀਂ ਪੀ-ਐਚ.ਡੀ ਦੀ ਡਿਗਰੀ ਲਈ ਆਨ-ਲਾਈਨ ਮੌਖਿਕ ਪ੍ਰੀਖਿਆ ਕਰਵਾਈ ਗਈ ਇਹ ਮੌਖਿਕ ਪ੍ਰੀਖਿਆ ਇਸ ਵੇਲੇ ਕੈਨੇਡਾ ਰਹਿ ਰਹੀ ਖੋਜਾਰਥਣ ਕਮਲਜੀਤ ਕੌਰ ਦੇ ਖੋਜ-ਵਿਸ਼ੇਪੰਜਾਬੀ ਲੰਮੀ ਕਹਾਣੀ ਦਾ ਸੰਗਰਚਨਾਤਮਕ ਅਧਿਐਨ` ਲਈ ਵਿਸ਼ੇਸ਼ਗ ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਲਈ ਗਈ

ਖੋਜਾਰਥਣ ਕਮਲਜੀਤ ਕੌਰ ਪੰਜਾਬੀ ਵਿਭਾਗ ਵਿਖੇ ਪੀ-ਐਚ.ਡੀ ਦੀ ਡਿਗਰੀ ਲਈ ਰਜਿਸਟਰਡ ਸੀ ਤੇ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਖੇ ਰਹਿ ਰਹੀ ਹੈ ਪਹਿਲੇ ਨਿਯਮਾਂ ਅਨੁਸਾਰ ਖੋਜਾਰਥਣ ਨੂੰ ਅਜਿਹੀ ਪ੍ਰੀਖਿਆ ਦੇਣ ਲਈ ਵਿਭਾਗ ਵਿਖੇ ਖੁਦ ਹਾਜ਼ਰ ਹੋਣਾ ਪੈਂਦਾ ਸੀ ਜਿਸ ਨਾਲ ਬਹੁਤ ਜਿ਼ਆਦਾ ਧਨ ਤੇ ਸਮੇਂ ਦਾ ਖਰਚਾ ਹੁੰਦਾ ਹੈ ਪਰ ਮਾਣਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਸਮੇਤ ਸਮੂਹ ਅਧਿਆਪਕਾਂ ਦੇ ਉੱਦਮ ਨਾਲ ਨਵੀਂ ਤਕਨਾਲੋਜੀ ਨੂੰ ਅਕਾਦਮਿਕ ਖੇਤਰ ਦੇ ਵਿਕਾਸ ਲਈ ਵਰਤ ਕੇ ਸਮੇਂ ਤੇ ਧਨ ਦੀ ਬਚਤ ਕਰਦਿਆਂ ਪਰਵਾਸੀਆਂ ਲਈ ਨਵੇਂ ਅਕਾਦਮਿਕ ਰਾਹ ਖੋਲ੍ਹ ਦਿੱਤੇ ਹਨ ਵਿਭਾਗ ਵਿਖੇ ਪਹਿਲੀ ਵਾਰ ਆਨ-ਲਾਈਨ ਮੌਖਿਕ ਪ੍ਰੀਖਿਆ ਦਾ ਤਕਨੀਕੀ ਪ੍ਰਬੰਧ ਡਾ. ਰਾਜਵਿੰਦਰ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਭਾਗ ਭਵਿੱਖ ਦੀਆਂ ਲੋੜਾਂ ਲਈ ਤਿਆਰ ਹੋ ਰਿਹਾ ਹੈਜਿਸ ਵਿਚ ਆਨ-ਲਾਈਨ ਪ੍ਰਮੁੱਖ ਹੋਵੇਗੀ ਅਜਮਾਇਸ਼ੀ ਤੌਰ ਤੇ ਪੰਜਾਬੀ ਬਾਰੇ ਬੁਨਿਆਦੀ ਕੋਰਸ ਪੰਜਾਬੀ ਗਿਆਨ ਨੂੰ ਜਲਦ ਹੀ ਆਨ-ਲਾਈਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਰਵਉੱਚ ਡਿਗਰੀ ਪੀ-ਐਚ.ਡੀ ਦੀ ਰਜਿਸਟ੍ਰੇਸ਼ਨ ਅਤੇ ਮੌਖਿਕ ਪ੍ਰੀਖਿਆ ਦਾ ਕੰਮ ਆਨ-ਲਾਈਨ ਕੀਤਾ ਜਾ ਰਿਹਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਬੀ.ਏ ਤੇ ਐਮ.ਏ ਲਈ ਵੀ ਮੁੱਢਲੇ ਤੌਰ ਤੇ ਸਹਾਇਤਾ ਵਜੋਂ ਆਨ-ਲਾਈਨ ਕੋਰਸ ਸ਼ੁਰੂ ਕੀਤੇ ਜਾਣਗੇ ਇਸ ਮੌਖਿਕ ਪ੍ਰੀਖਿਆ ਸਮੇਂ ਪ੍ਰੋ. ਜੀਤ ਸਿੰਘ ਜੋਸ਼ੀ, ਡਾ. ਜ਼ੋਗਾ ਸਿੰਘ, ਡਾ. ਸੁਰਜੀਤ ਸਿੰਘ, ਡਾ. ਬਲਦੇਵ ਸਿੰਘ ਚੀਮਾ, ਡਾ. ਜਸਵਿੰਦਰ ਸਿੰਘ ਸੈਣੀ, ਡੀ ਗੁਰਮੁਖ ਸਿੰਘ ਅਤੇ ਡਾ. ਲਖਵੀਰ ਸਿੰਘ ਵੀ ਹਾਜ਼ਰ ਸਨਇਥੇ ਇਹ ਵੀ ਦੱਸਣਯੋਗ ਹੈ ਕਿ ਪੀ-ਐਚ.ਡੀ ਡਿਗਰੀ ਲਈ ਪਹਿਲੀ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਵਿਚ ਪੰਜਾਬੀ ਵਿਭਾਗ ਵੱਲੋਂ ਹੀ ਪਹਿਲ ਕੀਤੀ ਗਈ ਸੀ

ਜਿ਼ਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਜਿਸ ਨਾਲ ਵਿਭਾਗ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਨਵੀਂਆਂ ਪੁਲਾਂਘਾਂ ਪੁੱਟੇਗਾ

Tuesday, March 1, 2011

ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ

ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਯੂ.ਜੀ.ਸੀ ਵੱਲੋਂ ਪ੍ਰਾਪਤ ਪੱਤਰ ਨੰ. F.6-15/2010(SAP-III) Dated 21.02.2011 ਅਨੁਸਾਰ ਵਿਭਾਗ ਨੂੰ ਇਸ ਸਕੀਮ ਅਧੀਨ 81 ਲੱਖ ਰੁਪਏ ਦੀ ਗਰਾਂਟ ਅਤੇ ਇੱਕ ਪ੍ਰੋਜੈਕਟ ਫੈਲੋ ਦੀ ਅਸਾਮੀ ਮਿਲੀ ਹੈ ਇਸ ਸਕੀਮ ਦੇ ਕੋਆਰਡੀਨੇਟਰ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ ਅਤੇ ਡਿਪਟੀ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਹੋਣਗੇ ਇਸ ਸਕੀਮ ਅਧੀਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਜ਼ਰੂਰੀ ਬੁਨਿਆਦੀ ਸਮੱਗਰੀ ਪੈਦਾ ਕੀਤੀ ਜਾਵੇਗੀ ਪੰਜਾਬੀ ਸਭਿਆਚਾਰ ਦੀਆਂ ਸਮਕਾਲੀ ਸਮਾਜਿਕ ਸਮੱਸਿਆਵਾਂ ਦੇ ਪਰਿਪੇਖ ਵਿਚ ਅਧਿਐਨ ਕੀਤਾ ਜਾਵੇਗਾ ਜਿਸ ਵਿਚ ਲਿੰਗ-ਵਿਤਕਰਾ, ਨਸ਼ਾਖੋਰੀ, ਪੇਂਡੂ, ਗਰੀਬ, ਦਲਿਤ, ਅਪੰਗਤਾ, ਵਾਤਾਵਰਣ, ਭਰੂਣ-ਹੱਤਿਆ ਮੁੱਖ ਧਿਆਨ ਦਾ ਕੇਂਦਰ ਹੋਣਗੇ ਇਸ ਦੇ ਨਾਲ ਹੀ ਪੰਜਾਬੀ ਡਾਇਸਪੋਰੇ ਦਾ ਵੀ ਅਧਿਐਨ ਹੋਵੇਗਾ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਅੱਗੇ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਹਨ, ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਨਾ ਕੇਵਲ ਬਦਲ ਰਹੀਆਂ ਸਥਿਤੀਆਂ ਦਾ ਅਧਿਐਨ ਹੀ ਕਰਨਾ ਪਵੇਗਾ ਸਗੋਂ ਨਵੇਂ ਗਿਆਨ ਨੂੰ ਪੰਜਾਬੀ ਲੋਕਾਂ ਨਾਲ ਨਿਰੰਤਰ ਸਾਂਝਾ ਕਰਨ ਦੀ ਜ਼ਰੂਰਤ ਹੈ ਇਸ ਲਈ ਇੰਟਰਨੈੱਟ, ਆਡਿਓ-ਵਿਜੂਅਲ ਸਾਧਨਾਂ ਦੀ ਵਰਤੋਂ ਕਰਨੀ ਪੈਣੀ ਹੈ ਇਸ ਸਕੀਮ ਅਧੀਨ ਵਿਭਾਗ ਆਪਣਾ, ਆਡਿਓ-ਵਿਜੂਅਲ ਸਟੂਡੀਓ ਅਤੇ ਲੈਬ ਬਣਾਏਗਾ ਵਿਭਾਗ ਸਾਰੇ ਕੋਰਸਾਂ ਨੂੰ ਪੜਾਅਵਾਰ ਆਨ-ਲਾਈਨ ਸ਼ੁਰੂ ਕਰੇਗਾ ਅਜ਼ਮਾਇਸੀ ਤੌਰ ਤੇ ਪੰਜਾਬੀ ਗਿਆਨ ਦਾ ਆਨ-ਲਾਈਨ ਕੋਰਸ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਖੋਜ ਨੂੰ ਮਿਆਰੀ ਬਣਾਉਣ ਲਈ ਰੈਫਰਡ ਖੋਜ ਰਸਾਲਾ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਇਲਾਵਾ ਮੌਜੂਦਾ ਕਮਰਿਆਂ ਨੂੰ ਸੁਧਾਰਨ ਲਈ ਵਧੀਆ ਕਮਰੇ (ਸਮਾਰਟ-ਕਲਾਸ ਰੂਮ) ਬਣਾਏ ਜਾਣਗੇ ਜਿਨ੍ਹਾਂ ਵਿਚ ਪ੍ਰੋਜੈਕਟਰ, ਐਲ.ਸੀ.ਡੀ, ਵਾਤਾਵਰਨ ਅਨੁਕੂਲਤਾ ਦੇ ਸਾਧਨ ਹੋਣਗੇ

Sunday, February 27, 2011

ਪੰਜਾਬੀ ਟਾਈਪਿੰਗ ਟਿਊਟਰ ਦਾ ਕਮਾਲ


ਹੁਣ ਟਾਈਪਿੰਗ ਸਿਖਾਏਗਾ ਗੁਰਮੁਖੀ ਟਾਈਪਿੰਗ ਗੁਰੂ

ਕੰਪਿਊਟਰ ਦੀ ਵਰਤੋਂ ਦੌਰਾਨ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਲਈ ਵਰਤੋਂਕਾਰ ਦੁਆਰਾ ਦੋ ਤਰ੍ਹਾਂ ਦੇ ਕੀ-ਬੋਰਡ, ਰਮਿੰਗਟਨ ਅਤੇ ਫੋਨੈਟਿਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਰਮਿੰਗਟਨ ਕੀ-ਬੋਰਡ ਤੇ ਉਹ ਵਰਤੋਂਕਾਰ ਕੰਮ ਕਰਦੇ ਹਨ ਜੋ ਰਵਾਇਤੀ ਟਾਈਪ ਮਸ਼ੀਨ ਦੇ ਕੀ-ਬੋਰਡ ਤੋਂ ਜਾਣੂ ਹਨ। ਟਾਈਪ ਮਸ਼ੀਨ ਦੇ ਕੀ-ਬੋਰਡ ਉੱਤੇ ਅੱਖਰਾਂ ਦੀਆਂ ਕੀਜ਼ ਕ੍ਰਮਵਾਰ ਨਹੀਂ ਹੁੰਦੀਆਂ ਸਗੋਂ ਅੱਖਰਾਂ ਨੂੰ ਵਰਤੋਂ ਦੇ ਆਧਾਰ ਤੇ ਸੈੱਟ ਕੀਤਾ ਜਾਂਦਾ ਹੈ। ਰਮਿੰਗਟਨ ਨੂੰ ਸ਼ੁਰੂ ਵਿਚ ਸਿੱਖਣਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਵਰਤੋਂਕਾਰ ਇਸ ਤੇ ਲਗਾਤਾਰ ਕੰਮ ਕਰਦਾ ਹੈ ਤਾਂ ਉਹ ਤੇਜ਼ ਗਤੀ ਨਾਲ ਕੰਮ ਕਰਨ ਦਾ ਆਦੀ ਹੋ ਜਾਂਦਾ ਹੈ। ਦੂਜੇ ਪਾਸੇ ਫੋਨੈਟਿਕ ਕੀ-ਬੋਰਡ ਦੀ ਸ਼ੁਰੂਆਤੀ ਵਰਤੋਂ ਤਾਂ ਸੌਖੀ ਹੁੰਦੀ ਹੈ ਪਰ ਇਸ ਤੇ ਕੰਮ ਕਰਨ ਦੀ ਗਤੀ ਰਮਿੰਗਟਨ ਤੋਂ ਘੱਟ ਰਹਿ ਸਕਦੀ ਹੈ।

ਪੰਜਾਬੀ ਭਾਸ਼ਾ ਵਿਚ ਰਮਿੰਗਟਨ ਕੀ-ਬੋਰਡ ਦੀ ਟਾਈਪ ਸੌਖੇ ਤਰੀਕੇ ਨਾਲ ਸਿੱਖਣ ਲਈ ਗੁਰਮੁਖੀ ਟਾਈਪਿੰਗ ਗੁਰੂ (ਜੀ. ਟੀ. ਜੀ.) ਨਾਮ ਦਾ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਇਹ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਡਾ: ਰਾਜਵਿੰਦਰ ਸਿੰਘ ਅਤੇ ਸੀ| ਜੇ| ਸਾਫਟੈੱਕ, ਪਟਿਆਲਾ ਦੇ ਸ੍ਰੀ ਚਰਨਜੀਵ ਸਿੰਘ ਨੇ ਤਿਆਰ ਕੀਤਾ ਹੈ। ਇਸ ਸਾਫ਼ਟਵੇਅਰ ਨੂੰ ਡਾਊਨਲੋਡ ਕਰਨ ਲਈ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਾਲੇ ਪੰਨੇ (punjabiuniversity.ac.in/punjabidepartment) ਤੇ ਜਾਇਆ ਜਾ ਸਕਦਾ ਹੈ।

ਇਹ ਸਾਫ਼ਟਵੇਅਰ ਵਰਤੋਂਕਾਰਾਂ ਨੂੰ ਟਾਈਪਿੰਗ ਦੇ ਪ੍ਰਮੁੱਖ ਨੁਕਤਿਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਖਰ, ਸ਼ਬਦ, ਵਾਕ ਆਦਿ ਦਾ ਕਦਮ-ਦਰ-ਕਦਮ ਅਭਿਆਸ ਕਰਵਾਉਣ ਦੀ ਮੁਹਾਰਤ ਵੀ ਰੱਖਦਾ ਹੈ। ਇਸ ਪ੍ਰੋਗਰਾਮ ਦੀ ਸੀ|ਡੀ| ਪ੍ਰਾਪਤ ਕਰਨ ਜਾਂ ਮਦਦ ਲਈ rajwinderpup@gmail.com ਤੇ ਮੇਲ ਕੀਤਾ ਜਾ ਸਕਦਾ ਹੈ। ਗੁਰਮੁਖੀ ਟਾਈਪਿੰਗ ਗੁਰੂ ਇੰਸਟਾਲ ਕਰਨ ਲਈ ਤੁਹਾਡੇ ਕੰਪਿਊਟਰ ਵਿੰਡੋ ਐਕਸ ਪੀ ਦਾ ਘੱਟੋ-ਘੱਟ ਸਰਵਿਸ ਪੈਕ-2, ਰੈਮ ੧੨੮ ਐਮ.ਬੀ., ਭੰਡਾਰਨ ਸਮਰੱਥਾ ੩੦੦ ਐਮ.ਬੀ. ਅਤੇ ਸਿਸਟਮ ਵਿਚ ਅਸੀਸ ਫੌਂਟ ਇੰਸਟਾਲ ਹੋਣਾ ਲਾਜ਼ਮੀ ਹੈ।

ਸੀ.ਪੀ. ਕੰਬੋਜ

ਇਹ ਲੇਖ ਅੱਜ 27 ਫਰਵਰੀ ਦੇ ਅਜੀਤ ਅਖ਼ਬਾਰ ਤੇ ਛਪਿਆ ਹੈ

(ਅਜੀਤ ਅਖ਼ਬਾਰ ਤੋਂ ਧੰਨਵਾਦ ਸਹਿਤ)

Tuesday, February 15, 2011

ਦੇਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਸਾਹਿਤਕ ਮਿਲਣੀ



‘‘ਪਿਤਾ ਜੀ ਦਾ ਲੋਕ-ਲਹਿਰਾਂ ਵਿਚ ਸ਼ਾਮਿਲ ਰਹਿਣਾ ਤੇ ਪੁਲਿਸ ਨੂੰ ਘਰ ਆਉਂਦੇ-ਜਾਂਦੇ ਦੇਖਦੇ ਦਾ ਹੀ ਬਚਪਨ ਬੀਤਿਆ, ਇਹਨਾਂ ਘਟਨਾਵਾਂ ਨੇ ਮੇਰੇ ਅੰਦਰ ਸੰਘਰਸ਼ ਦੇ ਬੀਜ ਬੋਅ ਦਿੱਤੇ ਜੋ ਬਾਅਦ ਵਿਚ ਮੇਰੇ ਨਾਟਕਾਂ ਤੇ ਰੰਗਮੰਚ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਿਲ ਹਨ ’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਈ ਗਈ ਸਾਹਿਤਕ ਮਿਲਣੀ ਸਮੇਂ ਬੋਲਦਿਆਂ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਦਵਿੰਦਰ ਦਮਨ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਪੇਂਡੂ ਪਰਿਵਾਰ ਚ ਪੈਦਾ ਹੋਏ ਤੇ ਬਚਪਨ ਵਿਚ ਮਾਤਾ ਜੀ ਦੀ ਮੌਤ ਹੋ ਜਾਣ ਕਰਕੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਚੰਗੀ ਤਰ੍ਹਾਂ ਪੜ੍ਹਾਈ ਨਾ ਹੋ ਸਕੀ ਤੇ ਮਸਾਂ ਦਸਵੀਂ ਤਕ ਦੀ ਪੜ੍ਹਾਈ ਹੋ ਸਕੀ ਪਰ ਸਕੂਲ ਸਮੇਂ ਦਾ ਅਦਾਕਾਰੀ ਦਾ ਸ਼ੌਕ ਨਾਟਕ ਦੇ ਖੇਤਰ ਵਿਚ ਲੈ ਆਇਆ।ਉਨ੍ਹਾਂ ਇਹ ਵੀ ਦੱਸਿਆ ਕਿ ਹਰਪਾਲ ਟਿਵਾਣਾ ਜਿਹੇ ਉੱਘੇ ਰੰਗਕਰਮੀਆਂ ਸਮੇਤ ਬਹੁਤ ਲੋਕਾਂ ਤੋ ਕਲਾ ਦੇ ਗੁਰ ਸਿੱਖੇ। ਬਾਅਦ ਵਿਚ ਸਾਹਿਤ ਦੇ ਖੇਤਰ ਵਿੱਚ ਇਕ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਹੋਏ। ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਕਲਾ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਤੇ ਉਹ ਹਮੇਸ਼ਾ ਚੇਤੰਨ ਤੌਰ ਤੇ ਸਮਾਜਿਕ ਵਰਤਾਰਿਆਂ ਖਾਸਕਰ ਰਾਜਨੀਤਿਕ ਘਟਨਾਵਾਂ ਨੂੰ ਲੋਕ-ਪੱਖੀ ਦ੍ਰਿਸ਼ਟੀ ਤੋਂ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦੇ ਹਨ।

ਇਸ ਮੌਕੇ ਉਹਨਾਂ ਨਾਲ ਆਏ ਮੈਡਮ ਜਸਵੰਤ ਦਮਨ ਨੇ ਵੀ ਅਪਣੀ ਜ਼ਿੰਦਗੀ ਤੇ ਕਲਾ ਨਾਲ ਜੁੜੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਮੈਡਮ ਦਮਨ ਨੇ ਕਿਹਾ ਕਿ ਉਹ ਦੋਵੇਂ ਜੀਅ ਰੰਗਮੰਚ ਨੂੰ ਸਮਰਪਿਤ ਹਨ ਤੇ ਉਹਨਾਂ ਦੇ ਤਾਂ ਬੱਚੇ ਵੀ ਸਟੇਜਾਂ ਉੱਪਰ ਖੇਡਦੇ-ਖੇਡਦੇ ਹੀ ਪਲੇ ਹਨ। ਉਨ੍ਹਾਂ ਸੰਜੀਦਾ ਕਲਾਕਾਰਾਂ ਦੀ ਓਸ ਹੋਣੀ ਦੀ ਗਲ ਵੀ ਕੀਤੀ ਜੋ ਕਲਾਕਾਰ ਸਮਾਜਿਕ ਤਬਦੀਲੀ ਲਈ ਆਪਣੀ ਕਲਾ ਨੂੰ ਵਰਤਦੇ ਹਨ ਪਰ ਇਸ ਮੁਸ਼ਕਲ ਭਰੇ ਕਾਰਜ ਵਿਚ ਬਹੁਤ ਕੁਝ ਗੁਆ ਵੀ ਦਿੰਦੇ ਹਨ ਪਰ ਸਾਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ ਤੇ ਬਹੁਤ ਸਾਰੇ ਮੁਲਕਾਂ ਵਿਚ ਉਹਨਾਂ ਨੇ ਆਪਣੀਆਂ ਰੰਗਮੰਚੀ ਪੇਸ਼ਕਾਰੀਆਂ ਕੀਤੀਆਂ ਹਨ।

ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਦਵਿੰਦਰ ਦਮਨ ਤੇ ਜਸਵੰਤ ਦਮਨ ਦੀ ਜੋੜੀ ਨੇ ਪੰਜਾਬੀ ਨਾਟਕ ਨੂੰ ਇਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ , ਗੁਰਸ਼ਰਨ ਭਾਅ ਜੀ ਤੇ ਅਜਮੇਰ ਸਿੰਘ ਔਲਖ ਵਾਂਗ ਉਨ੍ਹਾਂ ਦੀ ਕਲਾ ਨਾਲ ਤੇ ਆਮ ਲੋਕਾਂ ਪ੍ਰਤੀ ਪ੍ਰਤਿਬੱਧਤਾ ਕਾਰਨ ਉਹ ਲੋਕਾਂ ਵਿਚ ਬਹੁਤ ਮਕਬੂਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜੋੜੀ ਨੇ ਪਿੰਡਾਂ ਦੇ ਰੰਗਮੰਚ ਤੋਂ ਲੈ ਕੇ ਬਾੱਲੀਵੁੱਡ ਦੀਆਂ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ ਹੈ ਅਤੇ ਦਵਿੰਦਰ ਦਮਨ ਹੋਰਾਂ ਦਾ ਲਿਖਿਆ ਨਾਟਕ ਛਿਪਣ ਤੋਂ ਪਹਿਲਾਂ ਅੱਜ ਵੀ ਬਹੁਤ ਲੋਕਾਂ ਵਲੋਂ ਖੇਡਿਆ ਜਾ ਰਿਹਾ ਹੈ ਓਥੇ ਉਨ੍ਹਾਂ ਦਾ ਨਾਟਕ ਕਤਰਾ-ਕਤਰਾ ਜ਼ਿੰਦਗੀ ਅੱਜ-ਕੱਲ੍ਹ ਦੀ ਸਮਾਜਿਕ ਖੜੋਤ ਵਾਲੀ ਸਥਿਤੀ ਬਾਰੇ ਬੜੀ ਚਿੰਤਨਸ਼ੀਲ ਰਚਨਾ ਹੈ। ਧੰਨਵਾਦੀ ਸ਼ਬਦ ਬੋਲਦਿਆਂ ਡਾ. ਜਸਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਇਸ ਉਥਲ-ਪੁਥਲ ਵਾਲੇ ਦੌਰ ਵਿਚ ਦਵਿੰਦਰ ਦਮਨ ਵਰਗੇ ਪ੍ਰਤੀਬੱਧ ਨਾਟਕਕਾਰ ਤੇ ਮੈਡਮ ਜਸਵੰਤ ਦਮਨ ਵਰਗੇ ਸੰਜੀਦਾ ਰੰਗਕਰਮੀ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨਇਸ ਸਮੇਂ ਡਾ. ਸੁਰਜੀਤ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਡਾ. ਗੁਰਜੰਟ ਸਿੰਘ, ਡਾ. ਜਸਪਾਲ ਕੌਰ ਅਤੇ ਵਿਭਾਗ ਦੇ ਰਿਸਰਚ ਸਕਾਲਰ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਦਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਸੰਵਾਦ ਰਚਾਇਆ। ਮੰਚ ਸੰਚਾਲਨ ਰਿਸਰਚ ਸਕਾਲਰ ਪਰਮਜੀਤ ਕੱਟੂ ਨੇ ਕੀਤਾ।

ਅਜਮੇਰ ਸਿੰਘ ਔਲਖ ਵਿਦਆਰਥੀਆਂ ਦੇ ਰੂ-ਬ-ਰੂ


‘‘ਪੰਜਾਬ ਦੀ ਬਹੁਗਿਣਤੀ ਪਿੰਡਾਂ ਵਿੱਚ ਵੱਸਦੀ ਹੈ, ਜਿਨ੍ਹਾਂ ਦੀਆਂ ਆਪਣੀਆਂ ਦੁਸ਼ਵਾਰੀਆਂ ਤੇ ਤਕਲੀਫਾਂ ਹਨ, ਮੇਰੇ ਨਾਟਕ ਲੋਕਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ, ਉਸੇ ਨੂੰ ਜਾਗਰੂਕ ਕਰਦੇ ਹਨ, ਆਮ ਲੋਕਾਂ ਲਈ ਕਲਾ ਨੂੰ ਵਰਤਣਾ ਹੀ ਮੇਰੀ ਜ਼ਿੰਦਗੀ ਦਾ ਉਦੇਸ਼ ਹੈ’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਏ ਗਏ ਰੂਬਰੂ ਸਮਾਗਮ ਵਿੱਚ ਬੋਲਦਿਆਂ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਅਜਮੇਰ ਸਿੰਘ ਔਲਖ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਨਿਮਨ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ, ਕਿਸਾਨੀ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਆਪਣੇ ਪਿੰਡੇ ਤੇ ਹੰਢਾਇਆ ਹੈ ਤੇ ਇਹੀ ਅਨੁਭਵ ਪਹਿਲਾਂ ਪਹਿਲ ਉਨ੍ਹਾਂ ਦੇ ਗੀਤਾਂ ਵਿੱਚ, ਕਹਾਣੀ ਜਾਂ ਨਾਵਲ ਵਿੱਚ ਆਇਆ ਜੋ ਕਿਤਾਬੀ ਰੂਪ ਵਿੱਚ ਨਹੀਂ ਛਪਿਆ, ਪਰ ਉਹ ਸਾਹਿਤ ਦੇ ਖੇਤਰ ਵਿੱਚ ਇਕ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਹੋਏ। ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਕਲਾ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਜਿੱਥੇ ਲੋਕਾਂ ਨੇ ਉਨ੍ਹਾਂ ਦੀ ਕਲਾਂ ਨੂੰ ਬਹੁਤ ਜ਼ਿਆਦਾ ਪ੍ਰਵਾਨ ਕੀਤਾ ਉਥੇ ਉਨ੍ਹਾਂ ਦੀ ਜ਼ਿੰਦਗੀ ਵਿਚ ਆਏ ਦੁੱਖ ਤਕਲੀਫਾਂ ਸਮੇਂ ਵੀ ਹਰ ਵਰਗ ਨੇ ਉਨ੍ਹਾਂ ਦੀ ਭਰਪੂਰ ਮਦਦ ਕੀਤੀ। ਬਾਕੀ ਸਾਹਿਤ ਰੂਪਾਂ ਨਾਲੋਂ ਨਾਟਕ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਤੇ ਚੇਤੰਨ ਕਰਦਾ ਹੈ।

ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਅਜਮੇਰ ਸਿੰਘ ਔਲਖ ਨਾਲ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਨਾਟਕੀ ਸਫ਼ਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਔਲਖ ਸਾਹਿਬ ਨੇ ਪੰਜਾਬੀ ਨਾਟਕ ਨੂੰ ਇਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ ਤੇ ਗੁਰਸ਼ਰਨ ਭਾਅ ਜੀ ਤੋਂ ਬਾਅਦ ਉਨ੍ਹਾਂ ਦੀ ਕਲਾ ਤੇ ਆਮ ਲੋਕਾਂ ਪ੍ਰਤੀ ਪ੍ਰਤਿਬੱਧਤਾ ਕਾਰਨ ਉਹ ਆਮ ਲੋਕਾਂ ਵਿਚ ਬਹੁਤ ਮਕਬੂਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਨੂੰ ਇਸ ਗੱਲ ਤੇ ਮਾਣ ਹੈ ਕਿ ਅਜਮੇਰ ਸਿੰਘ ਔਲਖ ਵਿਭਾਗ ਦੇ ਪੁਰਾਣੇ ਵਿਦਿਆਰਥੀ ਰਹਿ ਚੁਕੇ ਹਨ। ਸਾਹਿਤ ਸਭਾ ਇੰਚਾਰਜ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਨਾਟਕ ਮੰਡਲੀ ਨੇ ਬਹੁਤ ਸਮਾਂ ਪਹਿਲਾਂ ਅਜਮੇਰ ਔਲਖ ਦੇ ਨਾਟਕਾਂ ਨੂੰ ਰੰਗਮੰਚੀ ਰੂਪ ਦਿੱਤਾ ਸੀ, ਜਿਸ ਨੂੰ ਲੋਕਾਂ ਨੇ ਬੇਹੱਦ ਪ੍ਰਵਾਨਿਤ ਕੀਤਾ ਸੀ। ਡਾ. ਵਰਮਾ ਨੇ ਉਨ੍ਹਾਂ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਧੰਨਵਾਦੀ ਸ਼ਬਦ ਬੋਲਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਉਥਲ-ਪੁਥਲ ਵਾਲੇ ਦੌਰ ਵਿਚ ਅਜਮੇਰ ਸਿੰਘ ਔਲਖ ਵਰਗੇ ਪ੍ਰਤੀਬੱਧ ਨਾਟਕਕਾਰ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨਇਸ ਸਮੇਂ ਡਾ. ਬਲਦੇਵ ਸਿੰਘ ਚੀਮਾ, ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਅਤੇ ਹੋਰਨਾਂ ਵਿਭਾਗਾਂ ਤੋਂ ਡਾ. ਜਸਪਾਲ ਕੌਰ ਅਤੇ ਡਾ. ਬਲਦੇਵ ਸਿੰਘ ਧਾਲੀਵਾਲ ਅਤੇ ਵਿਭਾਗ ਦੇ ਰਿਸਰਚ ਸਕਾਲਰ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਔਲਖ ਸਾਹਿਬ ਨਾਲ ਸੰਵਾਦ ਰਚਾਇਆ। ਮੰਚ ਸੰਚਾਲਨ ਰਿਸਰਚ ਸਕਾਲਰ ਜਸਵੀਰ ਕੌਰ ਖਰੌੜ ਨੇ ਕੀਤਾ।