Tuesday, February 15, 2011

ਦੇਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਸਾਹਿਤਕ ਮਿਲਣੀ



‘‘ਪਿਤਾ ਜੀ ਦਾ ਲੋਕ-ਲਹਿਰਾਂ ਵਿਚ ਸ਼ਾਮਿਲ ਰਹਿਣਾ ਤੇ ਪੁਲਿਸ ਨੂੰ ਘਰ ਆਉਂਦੇ-ਜਾਂਦੇ ਦੇਖਦੇ ਦਾ ਹੀ ਬਚਪਨ ਬੀਤਿਆ, ਇਹਨਾਂ ਘਟਨਾਵਾਂ ਨੇ ਮੇਰੇ ਅੰਦਰ ਸੰਘਰਸ਼ ਦੇ ਬੀਜ ਬੋਅ ਦਿੱਤੇ ਜੋ ਬਾਅਦ ਵਿਚ ਮੇਰੇ ਨਾਟਕਾਂ ਤੇ ਰੰਗਮੰਚ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਿਲ ਹਨ ’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਈ ਗਈ ਸਾਹਿਤਕ ਮਿਲਣੀ ਸਮੇਂ ਬੋਲਦਿਆਂ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਦਵਿੰਦਰ ਦਮਨ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਪੇਂਡੂ ਪਰਿਵਾਰ ਚ ਪੈਦਾ ਹੋਏ ਤੇ ਬਚਪਨ ਵਿਚ ਮਾਤਾ ਜੀ ਦੀ ਮੌਤ ਹੋ ਜਾਣ ਕਰਕੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਚੰਗੀ ਤਰ੍ਹਾਂ ਪੜ੍ਹਾਈ ਨਾ ਹੋ ਸਕੀ ਤੇ ਮਸਾਂ ਦਸਵੀਂ ਤਕ ਦੀ ਪੜ੍ਹਾਈ ਹੋ ਸਕੀ ਪਰ ਸਕੂਲ ਸਮੇਂ ਦਾ ਅਦਾਕਾਰੀ ਦਾ ਸ਼ੌਕ ਨਾਟਕ ਦੇ ਖੇਤਰ ਵਿਚ ਲੈ ਆਇਆ।ਉਨ੍ਹਾਂ ਇਹ ਵੀ ਦੱਸਿਆ ਕਿ ਹਰਪਾਲ ਟਿਵਾਣਾ ਜਿਹੇ ਉੱਘੇ ਰੰਗਕਰਮੀਆਂ ਸਮੇਤ ਬਹੁਤ ਲੋਕਾਂ ਤੋ ਕਲਾ ਦੇ ਗੁਰ ਸਿੱਖੇ। ਬਾਅਦ ਵਿਚ ਸਾਹਿਤ ਦੇ ਖੇਤਰ ਵਿੱਚ ਇਕ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਹੋਏ। ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਕਲਾ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਤੇ ਉਹ ਹਮੇਸ਼ਾ ਚੇਤੰਨ ਤੌਰ ਤੇ ਸਮਾਜਿਕ ਵਰਤਾਰਿਆਂ ਖਾਸਕਰ ਰਾਜਨੀਤਿਕ ਘਟਨਾਵਾਂ ਨੂੰ ਲੋਕ-ਪੱਖੀ ਦ੍ਰਿਸ਼ਟੀ ਤੋਂ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦੇ ਹਨ।

ਇਸ ਮੌਕੇ ਉਹਨਾਂ ਨਾਲ ਆਏ ਮੈਡਮ ਜਸਵੰਤ ਦਮਨ ਨੇ ਵੀ ਅਪਣੀ ਜ਼ਿੰਦਗੀ ਤੇ ਕਲਾ ਨਾਲ ਜੁੜੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਮੈਡਮ ਦਮਨ ਨੇ ਕਿਹਾ ਕਿ ਉਹ ਦੋਵੇਂ ਜੀਅ ਰੰਗਮੰਚ ਨੂੰ ਸਮਰਪਿਤ ਹਨ ਤੇ ਉਹਨਾਂ ਦੇ ਤਾਂ ਬੱਚੇ ਵੀ ਸਟੇਜਾਂ ਉੱਪਰ ਖੇਡਦੇ-ਖੇਡਦੇ ਹੀ ਪਲੇ ਹਨ। ਉਨ੍ਹਾਂ ਸੰਜੀਦਾ ਕਲਾਕਾਰਾਂ ਦੀ ਓਸ ਹੋਣੀ ਦੀ ਗਲ ਵੀ ਕੀਤੀ ਜੋ ਕਲਾਕਾਰ ਸਮਾਜਿਕ ਤਬਦੀਲੀ ਲਈ ਆਪਣੀ ਕਲਾ ਨੂੰ ਵਰਤਦੇ ਹਨ ਪਰ ਇਸ ਮੁਸ਼ਕਲ ਭਰੇ ਕਾਰਜ ਵਿਚ ਬਹੁਤ ਕੁਝ ਗੁਆ ਵੀ ਦਿੰਦੇ ਹਨ ਪਰ ਸਾਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ ਤੇ ਬਹੁਤ ਸਾਰੇ ਮੁਲਕਾਂ ਵਿਚ ਉਹਨਾਂ ਨੇ ਆਪਣੀਆਂ ਰੰਗਮੰਚੀ ਪੇਸ਼ਕਾਰੀਆਂ ਕੀਤੀਆਂ ਹਨ।

ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਦਵਿੰਦਰ ਦਮਨ ਤੇ ਜਸਵੰਤ ਦਮਨ ਦੀ ਜੋੜੀ ਨੇ ਪੰਜਾਬੀ ਨਾਟਕ ਨੂੰ ਇਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ , ਗੁਰਸ਼ਰਨ ਭਾਅ ਜੀ ਤੇ ਅਜਮੇਰ ਸਿੰਘ ਔਲਖ ਵਾਂਗ ਉਨ੍ਹਾਂ ਦੀ ਕਲਾ ਨਾਲ ਤੇ ਆਮ ਲੋਕਾਂ ਪ੍ਰਤੀ ਪ੍ਰਤਿਬੱਧਤਾ ਕਾਰਨ ਉਹ ਲੋਕਾਂ ਵਿਚ ਬਹੁਤ ਮਕਬੂਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜੋੜੀ ਨੇ ਪਿੰਡਾਂ ਦੇ ਰੰਗਮੰਚ ਤੋਂ ਲੈ ਕੇ ਬਾੱਲੀਵੁੱਡ ਦੀਆਂ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ ਹੈ ਅਤੇ ਦਵਿੰਦਰ ਦਮਨ ਹੋਰਾਂ ਦਾ ਲਿਖਿਆ ਨਾਟਕ ਛਿਪਣ ਤੋਂ ਪਹਿਲਾਂ ਅੱਜ ਵੀ ਬਹੁਤ ਲੋਕਾਂ ਵਲੋਂ ਖੇਡਿਆ ਜਾ ਰਿਹਾ ਹੈ ਓਥੇ ਉਨ੍ਹਾਂ ਦਾ ਨਾਟਕ ਕਤਰਾ-ਕਤਰਾ ਜ਼ਿੰਦਗੀ ਅੱਜ-ਕੱਲ੍ਹ ਦੀ ਸਮਾਜਿਕ ਖੜੋਤ ਵਾਲੀ ਸਥਿਤੀ ਬਾਰੇ ਬੜੀ ਚਿੰਤਨਸ਼ੀਲ ਰਚਨਾ ਹੈ। ਧੰਨਵਾਦੀ ਸ਼ਬਦ ਬੋਲਦਿਆਂ ਡਾ. ਜਸਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਇਸ ਉਥਲ-ਪੁਥਲ ਵਾਲੇ ਦੌਰ ਵਿਚ ਦਵਿੰਦਰ ਦਮਨ ਵਰਗੇ ਪ੍ਰਤੀਬੱਧ ਨਾਟਕਕਾਰ ਤੇ ਮੈਡਮ ਜਸਵੰਤ ਦਮਨ ਵਰਗੇ ਸੰਜੀਦਾ ਰੰਗਕਰਮੀ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨਇਸ ਸਮੇਂ ਡਾ. ਸੁਰਜੀਤ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਡਾ. ਗੁਰਜੰਟ ਸਿੰਘ, ਡਾ. ਜਸਪਾਲ ਕੌਰ ਅਤੇ ਵਿਭਾਗ ਦੇ ਰਿਸਰਚ ਸਕਾਲਰ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਦਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਸੰਵਾਦ ਰਚਾਇਆ। ਮੰਚ ਸੰਚਾਲਨ ਰਿਸਰਚ ਸਕਾਲਰ ਪਰਮਜੀਤ ਕੱਟੂ ਨੇ ਕੀਤਾ।

No comments:

Post a Comment