Tuesday, January 25, 2011

ਡਾ. ਬਲਵਿੰਦਰ ਕੌਰ ਬਰਾੜ ਵਿਦਿਆਰਥੀਆਂ ਨਾਲ ਰੂਬਰੂ
















ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਵਿਭਾਗ ਦੇ ਰਿਟਾਇਰਡ ਪ੍ਰੋਫੈਸਰ ਤੇ ਗਲਪਕਾਰਾ ਡਾ. ਬਲਵਿੰਦਰ ਕੌਰ ਬਰਾੜ ਨਾਲ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ ਗਿਆ, ਜੋ ਤਿੰਨ ਦਹਾਕਿਆਂ ਦੇ ਅਧਿਆਪਨ ਕਾਰਜ ਤੋਂ ਬਾਅਦ ਅੱਜਕਲ੍ਹ ਕੈਨੇਡਾ ਵਿਖੇ ਅਜਕੱਲ੍ਹ ਪਰਵਾਸੀ ਪੰਜਾਬੀ ਮੀਡੀਏ ਵਿਚ ਵੀ ਸਰਗਰਮ ਹਨ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਸੇਵਾ ਲਈ ਕਾਰਜਸ਼ੀਲ ਰਹਿੰਦੇ ਹਨ।



ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਡਾ. ਬਲਵਿੰਦਰ ਕੌਰ ਬਰਾੜ ਨੇ ਆਪਣੇ ਪਰਵਾਸੀ ਅਨੁਭਵ ਦਾ ਜਿ਼ਕਰ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਮਨਾਂ ਵਿਚ ਆਪਣੇ ਵਤਨ ਭਾਸ਼ਾ, ਸਾਹਿਤ, ਸਭਿਆਚਾਰ ਲਈ ਅਥਾਹ ਮੋਹ ਹੈ। ਉਹ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਹਨ ਪਰ ਲੋੜ ਹੈ ਕਿ ਉਨ੍ਹਾਂ ਦੀਆਂ ਭਾਵਨਾਤਮਿਕ ਸਮੱਸਿਆਵਾਂ ਨੂੰ ਸਮਝਿਆ ਜਾਵੇ। ਉਨ੍ਹਾਂ ਨੌਜਵਾਨ ਪੀੜੀ ਨੂੰ ਨਸੀਹਤ ਦਿੱਤੀ ਕਿ ਵਿਦੇਸ਼ ਵਿਚ ਵੀ ਦੇਸ਼ ਵਾਂਗ ਸਭ ਕੁਝ ਅੱਛਾ ਨਹੀਂ ਹੁੰਦਾ। ਵਿਦੇਸ਼ ਸੋਚ-ਸਮਝ ਕੇ ਸਹੀ ਢੰਗ ਨਾਲ ਹੀ ਜਾਣਾ ਚਾਹੀਦਾ ਹੈ।ਸਬਜ਼ਬਾਗਾਂ ਦੀ ਥਾਂ ਯਥਾਰਥਕ ਪ੍ਰਸਿਥਿਤੀਆਂ ਨੂੰ ਸਮਝਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਅਧਿਆਪਨ ਕਾਰਜ ਬਾਰੇ ਗੱਲ ਕਰਦਿਆਂ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਦੇ ਸਤਿਕਾਰਤ ਅਤੇ ਅਪਣੱਤ ਭਰੇ ਰਿਸ਼ਤੇ ਸਮਾਜ ਨੂੰ ਚੰਗਾ ਬਣਾਉਣ ਲਈ ਬਹੁਤ ਜ਼ਰੂਰੀ ਹਨ।


ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਡਾ. ਬਲਵਿੰਦਰ ਕੌਰ ਬਰਾੜ ਨਾਲ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਖਾਲਸਾ ਕਾਲਜ ਪਟਿਆਲਾ ਵਿਖੇ ਅਧਿਆਪਨ ਕਾਰਜ ਸਮੇਤ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਲਗਭਗ 38 ਸਾਲ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਮੈਡਮ ਬਰਾੜ ਦੇ ਲੇਖਣ ਕਾਰਜ ਦਾ ਜਿ਼ਕਰ ਕਰਦਿਆਂ ਕਿਹਾ ਕਿ ਮੈਡਮ ਬਰਾੜ ਨੇ ਸਭੇ ਸਾਕ ਕੁੜਾਵੇ (ਨਾਵਲ) ਅਤੇ ਮਿੱਟੀ ਨਾ ਫਰੋਲ ਜੋਗੀਆ, ਤਲੀ ਤੇ ਉਗਿਆ ਫੁੱਲ, ਪੂਣੀਆਂ-ਗਲੋਟੇ ਆਦਿ ਕਹਾਣੀ ਸੰਗ੍ਰਿਹਾਂ ਬਾਰੇ ਸੰਖੇਪ ਚਰਚਾ ਕੀਤੀ।
ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਮੈਡਮ ਬਰਾੜ ਦੀ ਪੰਜਾਬੀ ਪ੍ਰਤੀ ਬਚਨਬੱਧਤਾ ਦਾ ਜਿ਼ਕਰ ਕਰਦਿਆਂ ਕਿਹਾ ਕਿ ਉਹ ਪੰਜਾਬੀ ਦੇ ਹੱਕ ਵਿਚ ਹਮੇਸ਼ਾਂ ਹੀ ਨਿਧੜਕ ਹੋ ਕੇ ਖੜ੍ਹੇ ਹਨ। ਡਾ. ਸੁਰਜੀਤ ਸਿੰਘ ਨੇ ਆਪਣੇ ਵਿਦਿਆਰਥੀ ਜੀਵਨ ਸਮੇਂ ਦੀ ਮੈਡਮ ਬਰਾੜ ਨਾਲ ਸਾਂਝ ਦਾ ਜਿ਼ਕਰ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਵਿਦਿਆਰਥੀਆਂ ਦੀ ਮਦਦ ਕਰਦੇ ਰਹੇ ਹਨ ਅਤੇ ਪੰਜਾਬੀ ਵਿਭਾਗ ਉਨ੍ਹਾਂ ਪਦ-ਚਿੰਨ੍ਹਾਂ ਤੇ ਚਲਦਿਆਂ ਵਿਦਿਆਰਥੀਆਂ ਦੀ ਹਰ ਪੱਖੋਂ ਮਦਦ ਕਰਨ ਦੇ ਯਤਨ ਕਰਦਾ ਰਹਿੰਦਾ ਹੈ।
ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਮੈਡਮ ਬਰਾੜ ਨਾਲ ਸੰਜੀਦਾ ਸੰਵਾਦ ਰਚਾਇਆ। ਵਿਭਾਗ ਦੇ ਅਧਿਆਪਕਾਂ ਡਾ. ਸਤੀਸ਼ ਕੁਮਾਰ ਵਰਮਾ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ, ਸ. ਲਖਵੀਰ ਸਿੰਘ ਤੋਂ ਇਲਾਵਾ ਸੈਂਕੜੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਵਿਭਾਗ ਦੇ ਰਿਸਰਚ ਸਕਲਾਰ ਪਰਮਜੀਤ ਸਿੰਘ ਕੱਟੂ ਨੇ ਮੰਚ ਸੰਚਾਲਨ ਕੀਤਾ।