Tuesday, September 14, 2010

ਪੰਜਾਬੀ ਲੇਖਿਕਾ ਸੁਰਿੰਦਰ ਨੀਰ ਦੇ ਨਾਵਲ ‘ਸ਼ਿਕਾਰਗਾਹ’’ਤੇ ਗੋਸ਼ਟੀ



Posted On September - 13 - 2010ਸਰਬਜੀਤ ਸਿੰਘ ਭੰਗੂ
ਪਟਿਆਲਾ,12 ਸਤੰਬਰ
ਜ਼ੰਮੂ ਕਸ਼ਮੀਰ ਬਹੁ ਭਾਸ਼ਾਈ ਬਹੁ ਧਰਮੀ ਅਤੇ ਬਹੁ ਨਸਲੀ ਖਿੱਤਾ ਹੀ ਨਹੀਂ, ਬਲਕਿ ਇੱਥੋਂ ਦੀ ਰਾਜਨੀਤਕ ਤਾਣੀ ਵੀ ਬੜੀ ਉਲਝੀ ਹੋਈ ਹੈ। ਅਜਿਹੀ ਸਥਿਤੀ ਵਿਚ ਘੱਟ ਗਿਣਤੀਆਂ, ਖ਼ਾਸ ਕਰਕੇ ਸਿੱਖਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ, ਜੋ ਘੱਟ ਗਿਣਤੀ ਹੋਣ ਦਾ ਸੰਤਾਪ ਵੀ ਭੋਗ ਰਹੇ ਹਨ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਜੰਮੂ ਦੀ ਵਸਨੀਕ ਪੰਜਾਬੀ ਲੇਖਿਕਾ ਸੁਰਿੰਦਰ ਨੀਰ ਦੇ ਨਾਵਲ ‘ਸ਼ਿਕਾਰਗਾਹ’ ਬਾਰੇ ਹੋਈ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਰਦਿਆ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤਾ।
ਸੁਰਿੰਦਰ ਨੀਰ ਦੇ ਨਾਵਲ ਨੂੰ ਸਲਾਹੁੰਦਿਆਂ ਉਨ੍ਹਾ ਕਿਹਾ ਕਿ ਇਹ ਨਾਵਲ ਕਸ਼ਮੀਰ ਦੀ ਗੰਭੀਰ ਸਮੱਸਿਆ ਨੂੰ ਪੇਸ਼ ਕਰਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਹੱਲ ਰਾਜਨੀਤਿਕ ਪਾਰਟੀਆਂ ਪਾਸ ਵੀ ਨਹੀਂ ਹੈ। ਉਨ੍ਹਾ ਕਿਹਾ ਕਿ ਇਸ ਸਮੇਂ ਜੰਮੂ ਕਸ਼ਮੀਰ ਦੇ ਸਿੱਖ, ਘੱਟ ਗਿਣਤੀ ਦੇ ਸੰਤਾਪ ਨੂੰ ਭੋਗ ਰਹੇ ਹਨ , ਜਿਸ ਨੂੰ ਨਾਵਲ ਵਿਚ ਬਾਖ਼ੂਬੀ ਪੇਸ਼ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸ਼ਬਦਲੋਕ ਲੁਧਿਆਣਾ ਦੇ ਸਹਿਯੋਗ ਨਾਲ, ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਸਮਾਰੋਹ ਦੇ ਮੁੱਖ ਮਹਿਮਾਨ ਸੁਰਜੀਤ ਪਾਤਰ ਨੇ ਆਪਣੇ ਕਾਵਿਕ ਅੰਦਾਜ਼ ’ਚ ਇਸ ਨਾਵਲ ਨੂੰ ਪੜ੍ਹਣਯੋਗ ਰਚਨਾ ਕਿਹਾ। ਕਸ਼ਮੀਰ ਦੇ ਬਹੁਭਾਸ਼ਾਈ, ਬਹੁਸਭਿਆਚਾਰਕ ਵਿਵਾਦਪੂਰਨ ਖਿੱਤੇ ਬਾਰੇ ਗੱਲ ਕਰਦਿਆਂ ਵਿਸ਼ੇਸ਼ ਮਹਿਮਾਨ ਡਾ. ਸੁਤਿੰਦਰ ਸਿੰਘ ਨੂਰ ਨੇ ਕਿਹਾ ਕਿ ਅਜਿਹੀ ਸਥਿਤੀ ਬਾਰੇ ਨਾਵਲ ਲਿਖਣਾ ਵਧੀਆ ਗੱਲ ਹੈ। ਨਾਵਲ ਬਾਰੇ ਪਰਚੇ ਪੜ੍ਹਦਿਆਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਸਾਬਕਾ ਮੁਖੀ ਡਾ.ਧਨਵੰਤ ਕੌਰ ਅਤੇ ਡਾ. ਸੁਰਜੀਤ ਸਿੰਘ ਨੇ ਨਾਵਲ ਦੇ ਵੱਖ-ਵੱਖ ਪੱਖਾਂ ਨੂੰ ਉਘਾੜਿਆ।
ਇਸ ਤੋ ਪਹਿਲਾਂ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪੰਜਾਬੀ ਭਾਸ਼ਾ ਨਾਲ ਪ੍ਰਤੀਬੱਧ ਹੈ। ਇਸੇ ਕੜੀ ਵਜੋਂ ਹੀ ਪੰਜਾਬੀ ਲੇਖਿਕਾ ਸੁਰਿੰਦਰ ਨੀਰ ਦੁਆਰਾ ਕਸ਼ਮੀਰ ਬਾਰੇ ਲਿਖੇ ਨਾਵਲ ਉਪਰ ਇਹ ਵਿਚਾਰ ਗੋਸ਼ਟੀ ਕਰਵਾਈ ਗਈ। ਲੇਖਿਕਾ ਨਾਲ ਜਾਣ-ਪਛਾਣ ਕਰਾਉਂਦਿਆਂ ਡਾ. ਬਲਜਿੰਦਰ ਨਸਰਾਲੀ ਨੇ ਦੱਸਿਆ ਕਿ ਅਰੰਭ ’ਚ ਕਵਿਤਾਵਾਂ,ਕਹਾਣੀਆਂ ਲਿਖਣ ਤੋਂ ਬਾਅਦ ਨਾਵਲ ਦੇ ਖੇਤਰ ’ਚ ਆਉÎਣ ਵਾਲੀ ਸੁਰਿੰਦਰ ਨੀਰ ਦਾ ਜਨਮ ਤੇ ਪਾਲਣ-ਪੋਸ਼ਣ ਕਸ਼ਮੀਰ ਦੇ ਖੂਬਸੂਰਤ ਪਰ ਤੰਗ ਮਾਹੌਲ ਵਿਚ ਹੋਇਆ , ਪਰ ਉਸ ਨੂੰ ਜੰਮੂ ਦੇ ਬਲਜੀਤ ਸਿੰਘ ਰੈਣਾ ਨਾਲ ਵਿਆਹ ਉਪਰੰਤ ਲੇਖਿਕਾ ਬਣਨ ਲਈ ਖੁੱਲ੍ਹਾ ਮਾਹੌਲ ਮਿਲਿਆ।
ਵਿਚਾਰ ਚਰਚਾ ’ਚ ਹਿੱਸਾ ਲੈਦਿਆਂ ਡਾ. ਚਰਨਜੀਤ ਕੌਰ ਨੇ ਇਸ ਨਾਵਲ ਦੀ ਅੰਮ੍ਰਿਤਾ ਪ੍ਰੀਤਮ ਦੇ ਨਾਵਲ ‘ਪਿੰਜਰ’ ਨਾਲ ਤੁਲਨਾ ਕੀਤੀ। ਉਨ੍ਹਾਂ ਇਸ ਨੂੰ ਨਾਰੀ-ਦ੍ਰਿਸ਼ਟੀ ਤੋਂ ਲਿਖੀ ਹੋਈ ਮਹੱਤਵਪੂਰਨ ਰਚਨਾ ਦੱਸਿਆ। ਅਮਰਜੀਤ ਗਰੇਵਾਲ ਨੇ ਕਿਹਾ ਕਿ ਇਸ ਨਾਵਲ ਨਾਲ ਪੰਜਾਬੀ ਨਾਵਲ ਨਵੇਂ ਦੌਰ ਵਿਚ ਦਾਖਲ ਹੋ ਰਿਹਾ ਹੈ। ਡਾ. ਰਜਨੀਸ਼ ਬਹਾਦਰ ਤੇ ਡਾ.ਰਾਜੇਸ਼ ਕੁਮਾਰ ਨੇ ਨਾਵਲ ਦੀਆਂ ਤੱਥਗਤ ਤੇ ਗਲਪੀ ਕਮਜ਼ੋਰੀਆਂ ਸੰਬੰਧੀ ਨੁਕਤੇ ਪੇਸ਼ ਕੀਤੇ। ਡਾ. ਗੁਰਮੁੱਖ ਸਿੰਘ ਨੇ ਕਿਹਾ ਕਿ ਇਸ ਨਾਵਲ ਦੇ ਜ਼ਰੀਏ ਬਹੁ-ਸਭਿਆਚਾਰਵਾਦ ਦੇ ਮਸਲੇ ਨੂੰ ਵੀ ਵਿਚਾਰਿਆ ਜਾ ਸਕਦਾ ਹੈ।
ਡਾ. ਹਰਪਾਲ ਸਿੰਘ ਪੰਨੂ, ਡਾ. ਜਸਵਿੰਦਰ ਸਿੰਘ ਸੈਣੀ, ਬਲਵਿੰਦਰ ਗਰੇਵਾਲ, ਡਾ. ਬਲਕਾਰ ਸਿੰਘ, ਰਵਿੰਦਰ ਘੁੰਮਣ ਨੇ ਵੀ ਵਿਚਾਰ ਚਰਚਾ ’ਚ ਹਿੱਸਾ ਲਿਆ। ਇਸ ਮੌਕੇ ਗੁਰਇਕਬਾਲ ਸਿੰਘ, ਸਵਰਨਜੀਤ ਸਵੀ, ਸਤੀਸ਼ ਗੁਲਾਟੀ , ਦਵਿੰਦਰ ਸਿੰਘ ਵਿਸ਼ਵ ਨਾਗਰਿਕ,ਮਨੋਜੀਤ ਸਿੰਘ, ਆਰ.ਐਸ.ਰਾਜਨ ਅਤੇ ਹਰਦੀਪ ਸਿੰਘ ਵੀ ਹਾਜ਼ਰ ਸਨ। ਡਾ. ਜਸਵਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਸਤੀਸ਼ ਕੁਮਾਰ ਵਰਮਾ ਨੇ ਨਿਭਾਈ। ਇਸ ਸਮਾਗਮ ’ਚ ਲਗਪਗ ਦੋ ਸੌ ਵਿਦਵਾਨਾਂ, ਸਾਹਿਤਕਾਰਾਂ, ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ।

Saturday, September 11, 2010

ਦਹਿਕਦੇ ਅੰਗਿਆਰਾਂ ’ਤੇ ਸੌਂ ਕੇ ਰਾਤ ਰੁਸ਼ਨਾਉਣ ’ਚ ਮਸਰੂਫ਼ ਰਿਹਾ:ਪਾਸ਼


ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਚਿੰਤਨਸ਼ੀਲ ਤੇ ਮਕਬੂਲ ਕਵੀ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸ ਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ, ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਾਤ ਨਾਲ ਜੂਝਦਾ ਰਿਹਾ। ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨੇਰੀਆਂ ਵਿਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ/ਦ੍ਰਿਸ਼ਟੀ ਉਸ ਦੀ ਕਵਿਤਾ ’ਚ ਫਲਦੀ ਰਹੀ, ਜਿਸ ਕਰਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ। ਡਾ.ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ,‘‘ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।’’

9 ਸਤੰਬਰ, 1950 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਜੰਮਿਆ ਪਾਸ਼ ਬਚਪਨ ਤੋਂ ਹੀ ਸੰਵੇਦਨਸ਼ੀਲ ਸੀ।ਪਾਸ਼ ਨੇ ਆਜ਼ਾਦਾਨਾ ਸੁਭਾਅ ਕਾਰਨ ਨੌਵੀਂ ਕਲਾਸ ਵਿਚ ਦਾਖਲ ਹੋਣ ਦੀ ਥਾਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਵਿਚ ਦਾਖਲਾ ਲੈ ਲਿਆ। ਉਸ ਦੀ ਖੱਬੇ ਪੱਖੀ ਰਾਜਨੀਤਕ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ। ਤੇ ਜਿਵੇਂ ਪਾਸ਼ ਦੀ ਜ਼ਿੰਦਗੀ ਨੇ ਆਪਣਾ ਰੁਖ਼ ਹੀ ਬਦਲ ਲਿਆ।

1967 ਵਿਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿਚ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਵੀਂ ਜਮਾਤ ਪਾਸ ਕੀਤੀ। 1968 ਵਿਚ ਨਕਸਲਬਾੜੀ ਲਹਿਰ ਪੰਜਾਬ ਵਿਚ ਜ਼ੋਰ ਫੜਨ ਲੱਗੀ। ਪਾਸ਼ ਦੀ ਉਮਰ 18 ਸਾਲ ਸੀ ਅਤੇ ਉਹ ਨਕਸਲਬਾੜੀ ਲਹਿਰ ਵਿਚ ਸ਼ਾਮਲ ਹੋ ਗਿਆ। ਉਸ ਵੇਲੇ ਰੂਸ ਅਤੇ ਚੀਨ ਦਾ ਸਮਾਜਵਾਦੀ ਇਨਕਲਾਬ ਦੁਨੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਰਿਹਾ ਸੀ। ਇਸੇ ਲਈ ਪਾਸ਼ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦਾ ਹੋਇਆ ਇਸ ਨੂੰ ਆਪਣੀ ਕਵਿਤਾ ਦਾ ਧੁਰਾ ਬਣਾਉਂਦਾ ਹੈ। ਉਸ ਦੇ ਤੱਤੇ ਖੂਨ ’ਚੋਂ ਉਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਸ਼ਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ। ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪਾਸ਼ ਰਾਜਸੀ ਗਤੀਵਿਧੀਆਂ ਵਿਚ ਵੀ ਸਰਗਰਮ ਹੋ ਗਿਆ ਸੀ। ਉਹ ਨਕਸਲਬਾੜੀ ਲਹਿਰ ਨਾਲ ਜੁੜੀਆਂ ਸਾਹਿਤਕ ਅਤੇ ਰਾਜਸੀ ਗਤੀਵਿਧੀਆਂ ਵਿਚ ਸਰਗਰਮ ਰਿਹਾ। 1970 ਵਿਚ ਛਪਿਆ ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ‘ਲੋਹ-ਕਥਾ’ ਉਸ ਦੀਆਂ ਨਕਸਲਬਾੜੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਦਾ ਹੀ ਸਾਹਿਤਕ ਸਿੱਟਾ ਕਿਹਾ ਜਾ ਸਕਦਾ ਹੈ।

ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤਕ ਦਾ ਸਮਾਂ ਸਾਹਿਤਕ/ਰਾਜਸੀ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿਚ ਪਾਸ਼ ਨੇ ‘ਸਿਆੜ’ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸੇ ਵੇਲੇ ਉਸ ਨੂੰ ਮੋਗਾ-ਕਾਂਡ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। 1973 ਵਿਚ ‘ਸਿਆੜ’ ਬੰਦ ਹੋ ਗਿਆ ਅਤੇ 1974 ਵਿਚ ਪਾਸ਼ ਦੀ ਦੂਜੀ ਕਾਵਿ-ਪੁਸਤਕ ‘ਉਡਦੇ ਬਾਜਾਂ ਮਗਰ’ ਛਪੀ। ਮਈ 1974 ਵਿਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗ੍ਰਿਫ਼ਤਾਰੀ ਹੋਈ। ਰਿਹਾਅ ਹੋ ਕੇ ‘ਹੇਮ ਜਯੋਤੀ’ ਦੀ ਸੰਪਾਦਕੀ ਕੀਤੀ। ਕੁਝ ਸਮਾਂ ਦੇਸ-ਪ੍ਰਦੇਸ (ਲੰਡਨ) ਦਾ ਪੱਤਰ ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਅਥਲੀਟ ਦੀ ‘ਸਵੈ-ਜੀਵਨੀ’ ‘ਫਲਾਇੰਗ ਸਿੱਖ’ ਲਿਖ ਕੇ ਦਿੱਤੀ।

ਜੂਨ 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਲ ਹੋਇਆ। ਇਨ੍ਹੀਂ ਦਿਨੀਂ ਸਤੰਬਰ, 1978 ਨੂੰ ਪਾਸ਼ ਦਾ ਤੀਜਾ ਤੇ ਆਖਰੀ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿਚ’ ਛਪਿਆ। ਗ੍ਰਹਿਸਥੀ ਜੀਵਨ ਦੀ ਗੱਡੀ ਨੂੰ ਤੋਰਨ ਲਈ ਪਾਸ਼ ਨੇ 1979 ਵਿਚ ਗੁਆਂਢੀ ਪਿੰਡ ਉੱਗੀ ਵਿਖੇ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ੍ਹ ਲਿਆ ਅਤੇ ਇਸੇ ਸਾਲ ਉਸ ਨੇ ਹੱਥ ਲਿਖਤ ਪਰਚਾ ‘ਹਾਕ’ ਕੱਢਣਾ ਸ਼ੁਰੂ ਕੀਤਾ। ਪਾਸ਼ ਪੰਜਾਬ ਦੇ ਵਿਗੜ ਰਹੇ ਮਾਹੌਲ ਅਤੇ ਪ੍ਰਤੀਕੂਲ ਸਥਿਤੀਆਂ ਕਾਰਨ ਨਾ ਸਕੂਲ ਹੀ ਚਲਾ ਸਕਿਆ ਅਤੇ ਨਾ ‘ਹਾਕ’ ਪਰਚੇ ਨੂੰ ਲਗਾਤਾਰ ਕੱਢ ਸਕਿਆ।

ਨਕਸਲਬਾੜੀ ਲਹਿਰ ਦੇ ਪੰਜਾਬ ਵਿਚੋਂ ਬਿਖਰਨ ਅਤੇ ਖਾਲਿਸਤਾਨ ਲਹਿਰ ਦੇ ਪੰਜਾਬ ਵਿਚ ਜ਼ੋਰ ਫੜਨ ਨੇ ਪਾਸ਼ ਦੀਆਂ ਮੁਸ਼ਕਲਾਂ ’ਚ ਵਾਧਾ ਕਰ ਦਿੱਤਾ। ਇਸੇ ਵੇਲੇ 19 ਜਨਵਰੀ, 1982 ਨੂੰ ਪਾਸ਼ ਦੇ ਘਰ ਧੀ ਵਿੰਕਲ ਦਾ ਜਨਮ ਹੋਇਆ, ਜਿਸ ਨੇ ਪਾਸ਼ ਦੀਆਂ ਜ਼ਿੰਮੇਵਾਰੀਆਂ ਨੂੰ ਵਧਾ ਦਿੱਤਾ। ਅਜਿਹੇ ਮਾਹੌਲ ਵਿਚ ਪਾਸ਼ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਸੀ। ਫਿਰ ਵੀ ਉਸ ਨੇ ਜ਼ਿੰਦਗੀ ਦਾ ਸਾਹਮਣਾ ਕੀਤਾ ਜਿਸ ਦਾ ਵਰਨਣ ਉਸ ਦੀ ਡਾਇਰੀ ਵਿਚ ਕਈ ਥਾਈਂ ਆਉਂਦਾ ਹੈ। ਉਹ ਦੋੋਸਤੀਆਂ ਨਿਭਾਉਂਦਾ, ਜ਼ਿੰਦਗੀ ਦੀਆਂ ਧੁੱਪਾਂ-ਛਾਵਾਂ ਹੰਢਾਉਂਦਾ, ਤਿਉਹਾਰ ਮਨਾਉਂਦਾ, ਚਿੰਤਨ ਕਰਦਾ, ਵਰਜਿਸ਼ ਕਰਦਾ, ਘਰ ਦੇ ਫਿਕਰਾਂ ’ਚ ਰੁੱਝਿਆ ਉਮਰ ਦੇ ਹਰ ਪਲ ਨਾਲ ਖਹਿ ਕੇ ਲੰਘਦਾ ਰਿਹਾ। ਅਸਲ ਵਿਚ ਪਾਸ਼ ਭਰਪੂਰ ਜ਼ਿੰਦਗੀ ਜਿਉਣ ਦਾ ਚਾਹਵਾਨ ਸੀ। ਉਸ ਦੇ ਹਰ ਸਾਲ ਦਾ ਹਿਸਾਬ, ਉਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ, ਭਵਿੱਖ ਨੂੰ ਹੋਰ ਮਾਣਨ ਦੀ ਇੱਛਾ, ਪਾਸ਼ ਦੇ ਆਮ ਮਨੁੱਖ ਨਾਲੋਂ ਵਿਸ਼ੇਸ਼ ਤੇ ਵਿਲੱਖਣ ਹੋਣ ਦਾ ਪ੍ਰਮਾਣ ਹੈ।

ਪੰਜਾਬ ਵਿਚ ਖਾਲਿਸਤਾਨੀ ਲਹਿਰ ਵਧੇਰੇ ਜ਼ੋਰ ਫੜ ਰਹੀ ਸੀ, ਜਿਸ ਨਾਲ ਪਾਸ਼ ਦੇ ਵਿਚਾਰਧਾਰਕ ਵਖਰੇਵੇਂ ਵਧ ਰਹੇ ਸਨ। ਪਾਸ਼ ਦੀ ਸ਼ਖਸੀਅਤ ਹੀ ਐਸੀ ਸੀ ਕਿ ਉਹ ਰਾਜਸੀ ਗਤੀਵਿਧੀਆਂ ਤੋਂ ਨਿਰਲੇਪ ਨਹੀਂ ਰਹਿ ਸਕਿਆ। ਅਮਰੀਕਾ ਜਾ ਕੇ ਮਾਸਿਕ ਪੱਤਰ ਐਂਟੀ-47 ਦੀ ਸੰਪਾਦਨਾ ਦਾ ਕੰਮ ਸੰਭਾਲ ਲਿਆ। ਇਸ ਵਿਚ ਸਿੱਖ ਖਾੜਕੂਆਂ ਦਾ ਖੁੱਲ੍ਹ ਕੇ ਵਿਰੋਧ ਕਰਨ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਇਨ੍ਹਾਂ ਖਾੜਕੂਆਂ ਦੀਆਂ ਧਮਕੀਆਂ ਕਰਕੇ ਹੀ ਪਾਸ਼ ਦੀ ਪਹਿਲਾਂ ਤੋਂ ਅਸਥਿਰ ਤੇ ਸੰਘਰਸ਼ਸ਼ੀਲ ਜ਼ਿੰਦਗੀ ਨੂੰ ਬਿਲਕੁਲ ਮੁਹਾਲ ਕਰ ਦਿੱਤਾ ਸੀ। ਗੁਰਬਚਨ ਨੇ ਲਿਖਿਆ ਹੈ ਕਿ ‘‘ਪਾਸ਼ ਨੂੰ ਹਿੰਸਕ ਧੰਦੂਕਾਰਾ ਫੈਲਾਉਣ ਵਾਲਿਆਂ ’ਤੇ ਗੁੱਸਾ ਸੀ ਕਿਉਂਕਿ ਇਹਦੇ ਰਾਹੀਂ ਮਾਸੂਮ ਬੰਦਾ ਪਿਸ ਰਿਹਾ ਸੀ ਜੋ ਪਹਿਲਾਂ ਹੀ ਸਟੇਟ ਦੇ ਤਸ਼ੱਦਦ ਦਾ ਸ਼ਿਕਾਰ ਸੀ।’’ ਇਸ ਤੋਂ ਪਹਿਲਾਂ ਵੀ ਪਾਸ਼ ਇਕ ਚਿੱਠੀ ਵਿਚ ਲਿਖਦਾ ਹੈ ਕਿ ‘‘ਮੇਰੇ ਅੰਦਰ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਨਾਲ ਅੰਤਾਂ ਦੀ ਨਫ਼ਰਤ ਹੈ, ਕੇਵਲ ਸਿੱਖਾਂ ਦੀ ਹੀ ਨਹੀਂ ਸਗੋਂ ਹਿੰਦੂਆਂ ਦੇ ਲਈ ਵੀ।’’

ਪਾਸ਼ ਅਮਰੀਕਾ ਵਿਖੇ ਇਕ ਸੈਲਾਨੀ ਦੇ ਤੌਰ ’ਤੇ ਗਿਆ ਸੀ ਤੇ ਉਸ ਨੂੰ ਅਮਰੀਕਾ ਵਿਚ ਲੰਮਾ ਸਮਾਂ ਰਹਿਣ ਲਈ ਹਰ ਸਾਲ ਵੀਜ਼ਾ ਲੈਣ ਦੀ ਸ਼ਰਤ ਸੀ। 1987 ਵਿਚ ਪਾਸ਼ ਨੂੰ ਦੁਬਾਰਾ ਵੀਜ਼ਾ ਲੈਣ ਲਈ ਕੈਨੇਡਾ ਜਾਣਾ ਪਿਆ। ਦੁਬਾਰਾ ਅਮਰੀਕਾ ਜਾਣ ਲਈ ਪਾਸ਼ ਕਈ ਹੀਲੇ-ਵਸੀਲੇ ਕਰਦਾ ਰਿਹਾ ਤੇ ਅਖੀਰ ਉਹ ਬਰਾਜ਼ੀਲ ਦਾ ਵੀਜ਼ਾ ਲੈਣ ਵਿਚ ਸਫਲ ਵੀ ਹੋ ਗਿਆ। 23 -03- 1988 ਨੂੰ ਪਾਸ਼ ਆਪਣੇ ਮਿੱਤਰ ਹੰਸ ਰਾਜ ਸਮੇਤ ਖਾਲਿਸਤਾਨੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਸਾਰੀ ਉਮਰ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਦਹਿਕਦੇ ਅੰਗਿਆਰਾਂ ’ਤੇ ਸੌਂ ਕੇ ਰਾਤ ਰੁਸ਼ਨਾਉਣ ’ਚ ਮਸਰੂਫ਼ ਰਿਹਾ:

ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ
ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹੇ ਨੇ ਲੋਕ

ਪਰਮਜੀਤ ਸਿੰਘ ਕੱਟੂ
pkattu@yahoo.in