Wednesday, November 10, 2010

ਹਾਇਕੂ ਕਾਵਿ ’ਤੇ ਲੇਖਕਾਂ ਨੇ ਰਚਾਇਆ ਸੰਵਾਦ

Posted On November - 9 - 2010ਖੇਤਰੀ ਪ੍ਰਤੀਨਿਧ
ਪਟਿਆਲਾ,8 ਨਵੰਬਰ

ਪੰਜਾਬੀ ਹਾਇਕੂ ਕਾਨਫਰੰਸ ਦੌਰਾਨ ਉਪ-ਕੁਲਪਤੀ ਡਾ. ਜਸਪਾਲ ਸਿੰਘ,ਡਾ. ਸੁਤਿੰਦਰ ਸਿੰਘ ਨੂਰ,ਮਿਸਟਰ ਜੌਨ ਬਰੈਂਡੀ ਤੇ ਹੋਰ ਸ਼ਖਸੀਅਤਾਂ ਹਾਇਕੂ ਸੰਗ੍ਰਹਿ ਰਿਲੀਜ਼ ਕਰਦੇ ਹੋਏ
ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ ਹੋਈ ਅੰਤਰ-ਰਾਸ਼ਟਰੀ ਪੰਜਾਬੀ ਹਾਇਕੂ ਕਾਨਫਰੰਸ ਦੌਰਾਨ ਪੁੱਜੇ ਸਿਰਮੌਰ ਸਾਹਿਤਕਾਰਾਂ ਨੇ ਕੌਮਾਂਤਰੀ ਸਾਹਿਤ ਬਾਰੇ ਵਿਸ਼ਵ ਪੱਧਰੀ ਸੰਵਾਦ ਰਚਾਇਆ। ਇਸ ਮੌਕੇ ਤਿੰਨ ਹਾਇਕੂ ਸੰਗ੍ਰਹਿ ਨੀਲਾ ਅੰਬਰ ਗੂੰਜ ਰਿਹਾ ( ਜੌਨ ਬਰੈਂਡੀ ), ਪਲ-ਛਿਣ (ਦਰਬਾਰਾ ਸਿੰਘ), ਖਿਵਣ ( ਗੁਰਮੀਤ ਸੰਧੂ ) ਵੀ ਲੋਕ ਅਰਪਣ ਕੀਤੇ ਗਏ।
ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਦੇਖਰੇਖ ਹੇਠ ਹੋਈ ਇਸ ਕਾਨਫਰੰਸ ਦਾ ਉਦਘਾਟਨ ਕਰਦਿਆਂ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਹਾਇਕੂ ਦੀ ਪ੍ਰਕਿਰਤੀ ਚੁੱਪ ਤੋਂ ਅਗਾਂਹ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਹੈ, ਜੋ ਪੰਜਾਬੀ ਹਾਇਕੂ ਦੀ ਖ਼ੂਬੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀਅਤ ਦੀ ਹੱਬ ਬਣ ਰਹੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਤਿੰਦਰ ਸਿੰਘ ਨੂਰ ਨੇ ਕਿਹਾ ਕਿ ਪੰਜਾਬੀ ਦੇ ਪਹਿਲੇ ਹਾਇਕੂ, ਪ੍ਰੋ. ਪੂਰਨ ਸਿੰਘ ਨੇ ਲਿਖੇ ਸਨ,ਇਸ ਵੇਲੇ ਦੁਨੀਆਂ ਭਰ ਵਿਚ ਹਾਇਕੂ ਕਾਵਿ ਦੀ ਰਚਨਾ ਕੀਤੀ ਜਾ ਰਹੀ ਹੈ ਤੇ ਇਕੱਲੇ ਅਮਰੀਕਾ ਵਿਚ ਹੀ ਲਗਭਗ 15 ਵੱਡੇ ਮੈਗਜੀਨ ਪ੍ਰਕਾਸ਼ਤ ਹੋ ਰਹੇ ਹਨ। ਉਨ੍ਹਾਂ ਅਨੁਸਾਰ ਹਾਇਕੂ ਕਾਵਿ ਦਰਬਾਰੀ ਮਾਹੌਲ ਨਾਲ ਜੁੜੀ ਕਵਿਤਾ ਨੂੰ ਰੱਦ ਕਰਦਾ ਹੈ।
ਮੁੱਖ ਮਹਿਮਾਨ ਵਜੋਂ ਪੁੱਜੇ ਸਿਰਮੌਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ ਕਿ ਸ਼ਲੋਕ ਤੇ ਹਾਇਕੂ ਵਿਚ ਬਹੁਤ ਸਾਂਝ ਹੈ। ਹਾਇਕੂ ਦੇ ਅੰਦਰ-ਬਾਹਰ ਚੁੱਪ ਪਸਰੀ ਹੁੰਦੀ ਹੈ। ਵਿਸ਼ੇਸ਼ ਮਹਿਮਾਨ ਮਿਸਟਰ ਜੌਨ ਬਰੈਂਡੀ ਨੇ ਦੁਨੀਆਂ ਭਰ ਦੇ ਚੋਣਵੇਂ ਹਾਇਕੂ ਕਾਵਿ ਬਾਰੇ ਚਰਚਾ ਕਰਦਿਆਂ ਹਾਇਕੂ ਨੂੰ ਪਲ ਭਰ ’ਚ ਹੋਏ ਅਚੰਭਿਤ ਅਹਿਸਾਸ ਦੀ ਪੇਸ਼ਕਾਰੀ ਦੱਸਿਆ। ਸ੍ਰੀ ਅਮਰਜੀਤ ਗਰੇਵਾਲ ਤੇ ਡਾ. ਗੁਰਮੁਖ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਵਿਚਾਰ-ਚਰਚਾ ’ਤੇ ਆਧਾਰਤ ਦੂਜੇ ਅਕਾਦਮਿਕ ਸੈਸ਼ਨ ਦੌਰਾਨ, ਡਾ. ਰਾਜਵਿੰਦਰ ਸਿੰਘ ਨੇ ਹਾਇਕੂ ਕਾਵਿ-ਰੂਪ ਸਬੰਧੀ ਆਪਣਾ ਪੇਪਰ ਪੇਸ਼ ਕੀਤਾ। ਇਸ ਤੋਂ ਪਹਿਲਾਂ ਡਾ. ਰਾਜਿੰਦਰ ਪਾਲ ਬਰਾੜ ਨੇ ਦੱਸਿਆ ਕਿ ਵਿਭਾਗ ਖੋਜ ਤੇ ਪੜ੍ਹਾਈ ਤੋਂ ਇਲਾਵਾ ਸਮਾਜ ਨਾਲ ਜੁੜੇ ਹੋਰ ਮਸਲਿਆਂ ਬਾਰੇ ਵੀ ਸੰਜੀਦਗੀ ਨਾਲ ਵਿਚਾਰ ਚਰਚਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਭਾਗ ਨੇ ਸੈਸ਼ਨ ਦਾ ਅਰੰਭ ਪੰਜਾਬੀ ਵਿਸ਼ਾ ਤੇ ਪੰਜਾਬੀ ਮਾਧਿਅਮ ਨਾਲ ਆਈ .ਏ.ਐਸ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਵਿੰਦਰ ਸਿੰਘ ਤੋਂ ਕਰਵਾਇਆ ਗਿਆ ਤੇ ਵਿਭਾਗ ਵਿਚ ਇਸ ਵੇਲੇ 225 ਵਿਦਿਆਰਥੀ ਪੜ੍ਹ ਰਹੇ ਹਨ। ਵਿਚਾਰ-ਚਰਚਾ ਲਈ ਪੈਨਲ ਵਿਚ ਡਾ.ਜਸਵਿੰਦਰ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਬਲਦੇਵ ਸਿੰਘ ਚੀਮਾ ਆਦਿ ਨੇ ਭਾਗ ਲਿਆ। ਇਸ ਮੌਕੇ ’ਤੇ ਅਵਨਿੰਦਰ ਮਾਂਗਟ, ਹਰਵਿੰਦਰ ਤਤਲਾ, ਦÇੰਵਦਰ ਪਾਠਕ, ਰਾਜਬੀਰ ਕਾਹਲੋਂ, ਤੇਜਿੰਦਰ ਸੋਹੀ, ਰੋਜ਼ੀ ਮਾਨ, ਸੁਰਿੰਦਰ ਸਾਥੀ, ਸਵਰਨ ਸਿੰਘ, ਅਰਵਿੰਦਰ ਕੌਰ, ਅਮਰਜੀਤ ਸਾਥੀ ਅਤੇ ਗੁਰਮੀਤ ਸੰਧੂ ਆਦਿ ਕਵੀਆਂ ਨੇ ਵੀ ਆਪਣੇ ਹਾਇਕੂ ਸੁਣਾਏ। ਮੰਚ ਸੰਚਾਲਨ ਕਾਨਫਰੰਸ ਦੇ ਕਨਵੀਨਰ ਡਾ. ਜਸਵਿੰਦਰ ਸਿੰਘ ਸੈਣੀ ਅਤੇ ਗੁਰਪ੍ਰੀਤ ਨੇ ਕੀਤਾ। ਪੰਜਾਬੀ ਵਿਭਾਗ ਦੇ ਵਿਦਿਆਰਥੀ ਪਰਮਜੀਤ ਕੱਟੂ ਤੇ ਹਰਜੀਤ ਸਿੰਘ ਨੇ ਹਾਇਕੂ ਅਤੇ ਹਾਇਗਾ (ਹਾਇਕੂ-ਚਿੱਤਰ) ਦਾ ਸਲਾਈਡ ਸ਼ੋਅ ਵੀ ਦਿਖਾਇਆ, ਇਸ ਵਿਚ ਵਿਭਾਗ ਦੇ ਲਗਭਗ 250 ਖੋਜਾਰਥੀਆਂ ਤੇ ਵਿਦਿਆਰਥੀਆਂ ਤੋਂ ਸਮੇਤ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਵਾਨਾਂ ਨੇ ਵੀ ਸ਼ਮੂਲੀਅਤ ਕੀਤੀ।

No comments:

Post a Comment