Monday, December 6, 2010

ਕਵਿਤਾ ਨੂੰ ਸਮਰਪਿਤ ਸਿਮਰਨਜੀਤ


ਕਵਿਤਾ ਨੂੰ ਸਮਰਪਿਤ ਸਿਮਰਨਜੀਤ
ਇਕ ਅਤੀਤ ਮੇਰੇ ਦਾ ਫਲਸਫਾ, ਬਣ ਜਾਵੇਗਾ ਜੋ ਜ਼ਹਿਰ ਕਦੇ
ਡੁੱਬ ਜਾਵੇਗੀ ਹਰ ਸਹਰ ਮੇਰੀ, ਹਰ ਨਜ਼ਰ ਹੋਵੇਗੀ ਕਹਿਰ ਕਦੇ
ਕੁਝ ਤੱਕ ਰਹੇ ਨੇ ਭਰ ਅੱਖਾਂ, ਕੁਝ ਬੰਦ ਬੂਹਾ ਕਰ ਬਹਿ ਗਏ
ਕੁਝ ਕੱਟ ਗਏ ਇਸ ਆਸ ਤੇ, ਉਠੇਗੀ ਉਨ੍ਹਾਂ ਲਈ ਲਹਿਰ ਕਦੇ
ਜਦੋਂ ਕੋਈ ਅਜਿਹੀ ਸੰਜੀਦਾ ਸ਼ਾਇਰੀ ਪੜ੍ਹਦਾ ਹੈ ਤਾਂ ਸੋਚਦਾ ਹੈ ਕਿ ਇਹ ਜ਼ਰੂਰ ਕਿਸੇ ਹੰਢੇ ਹੋਏ ਸ਼ਾਇਰ ਦੀ ਰਚਨਾ ਹੋਵੇਗੀ , ਅਚੰਭਾ ਉਦੋਂ ਹੁੰਦਾ ਹੈ ਜਦੋਂ ਪਤਾ ਚਲਦਾ ਹੈ ਕਿ ਹਾਲੇ ਉਸਨੇ ਜ਼ਿੰਦਗੀ ਦੇ 16-17 ਵਰ੍ਹੇ ਹੀ ਹੰਢਾਏ ਹਨ ਪਰ ਉਸਦੀ ਕਵਿਤਾ ਚੋਂ ਇਕ ਵਡੇਰੀ ਸੂਝ ਤੇ ਸੰਜੀਦਗੀ ਝਲਕਦੀ ਹੈ ਤੇ ਇਸ ਕੁੜੀ ਦਾ ਨਾਂ ਹੈ ਸਿਮਰਨਜੀਤ ਕੌਰ ।
ਸਿਮਰਨਜੀਤ ਕੌਰ ਦਾ ਜਨਮ 31 ਅਗਸਤ 1992 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਨਗਰ ਵਿਖੇ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਤੇ ਪਿਤਾ ਮਨਜੀਤ ਸਿੰਘ ਦੇ ਘਰ ਹੋਇਆ । ਸਿਮਰਨਜੀਤ ਆਪਣੇ ਮਿਹਨਤੀ ਪਰਿਵਾਰ ਵਿਚ ਤਿੰਨ ਭੈਣ-ਭਰਾਵਾਂ ਦੀ ਚੌਥੀ ਭੈਣ ਹੈ । ਉਸਨੇ ਅੱਠ ਜਮਾਤਾਂ ਪ੍ਰਾਈਵੇਟ ਸਕੂਲ ਵਿਚੋਂ ਕੀਤੀਆਂ ਤੇ ਨੌਂਵੀ ਜਮਾਤ ਲਈ ਆਪਣੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖਲ ਹੋ ਗਈ ਜਿਥੇ ਉਸਦਾ ਸੰਪਰਕ ਪ੍ਰਿੰਸੀਪਲ ਸ. ਸੁਖਜੀਤ ਸਿੰਘ (ਸੁਖਜੀਤ ਸੂਰਜ) ਨਾਲ ਹੋਇਆ, ਜੋ ਆਪ ਸਾਹਿਤ ਦਾ ਵਿਦਿਆਰਥੀ, ਅਧਿਆਪਕ ਤੇ ਬਹੁਤ ਖੂਬਸੂਰਤ ਕਵਿਤਾ ਲਿਖਦਾ ਹੈ । ਸਿਮਰਨਜੀਤ ਨੇ ਉਨ੍ਹਾਂ ਦੀ ਪ੍ਰੇਰਨਾਂ ਸਦਕਾ ਸਾਹਿਤ ਪੜ੍ਹਣਾ ਸ਼ੁਰੂ ਕੀਤਾ ਤੇ ਉਸ ਅੰਦਰ ਅਜਿਹੀ ਚਿਣਗ ਲੱਗੀ ਕਿ ਉਸਨੇ ਖ਼ੁਦ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ । ਸਿਮਰਨਜੀਤ ਨੇ ਪਹਿਲਾਂ-ਪਹਿਲ ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਨਾਲ-ਨਾਲ ਪਾਸ਼, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਸ਼ਿਵ ਕੁਮਾਰ ਆਦਿ ਨੂੰ ਨਿੱਠ ਕੇ ਪੜ੍ਹਣਾ ਸ਼ੁਰੂ ਕਰ ਦਿੱਤਾ । ਉਸਦੀ ਸਿਰਜਣਾਤਮਿਕਤਾ ਚ ਤਬਦੀਲੀ ਇਹ ਵਾਪਰੀ ਕਿ ਉਹ ਗ਼ਜ਼ਲਾਂ ਵੀ ਲਿਖਣ ਲਗ ਪਈ । ਉਹ ਲਿਖਦੀ ਹੈ...
ਮੈਂ ਸੂਰਜ ਦੀ ਧੁੱਪ ਤੇ ਸਾਗਰ ਦੀ ਲਹਿਰ ਹਾਂ
ਸੁੱਤੀ ਖ਼ਾਬਾਂ ਚੋਂ ਉੱਠ ਕੇ ਆਈ ਨਵੀਂ ਸਹਰ ਹਾਂ
ਵੀਰਾਨ ਖੰਡਰਾਂ ਚ ਟਕਰਾਉਂਦੀ ਆਵਾਜ਼ ਹਾਂ
ਤੰਗ ਘਾਟੀਆਂ ਚੋਂ ਲੰਘਦੀ ਜੋ ਉਹ ਨਹਿਰ ਹਾਂ
ਅੱਜ ਕੱਲ੍ਹ ਸਿਮਰਨਜੀਤ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੀ.ਏ. ਆਨਰਜ਼ ਭਾਗ ਪਹਿਲਾ ਦੀ ਵਿਦਿਆਰਥਣ ਹੈ, ਜਿਸ ਵਿਭਾਗ ਵਿਚ ਪੰਜਾਬੀ ਸਾਹਿਤ ਦੀਆਂ ਨਾਮਵਰ ਹਸਤੀਆਂ ਨੇ ਕਦੇ ਪੜ੍ਹਾਈ ਕੀਤੀ ਜਾਂ ਪੜ੍ਹਾਇਆ ਹੈ ਜਿਨ੍ਹਾਂ ਚ ਗਲਪਕਾਰਾ ਦਲੀਪ ਕੌਰ ਟਿਵਾਣਾ, ਸ਼ਾਇਰ ਸੁਰਜੀਤ ਪਾਤਰ (ਦੋਵੇਂ ਸਰਸਵਤੀ ਇਨਾਮ ਜੇਤੂ), ਕਵੀ ਜਸਵੰਤ ਦੀਦ, ਨਾਟਕਕਾਰ ਗੁਰਚਰਨ ਸਿੰਘ ਤੇ ਅਜਮੇਰ ਔਲਖ ਅਤੇ ਇਥੇ ਨਾਵਾਂ ਦੀ ਸੂਚੀ ਬਹੁਤ ਲੰਬੀ ਹੋ ਸਕਦੀ ਹੈ। ਪੰਜਾਬੀ ਵਿਭਾਗ ਦੀ ਪਰੰਪਰਾ ਅਨੁਸਾਰ ਕਰਵਾਈਆਂ ਜਾਂਦੀਆਂ ਸਾਹਿਤਕ ਗਤੀਵਿਧੀਆਂ ਸਿਮਰਨਜੀਤ ਦੇ ਹੁਨਰ ਨੂੰ ਹੋਰ ਨਿਖਾਰ ਰਹੀਆਂ ਹਨ ਤੇ ਵਿਭਾਗ ਦੇ ਮੁਖੀ ਡਾ.ਰਾਜਿੰਦਰ ਪਾਲ ਸਿੰਘ ਬਰਾੜ, ਸਮੂਹ ਅਧਿਆਪਕ ਸਾਹਿਬਾਨ ਸਿਮਰਨਜੀਤ ਦੇ ਮਾਰਗ ਦਰਸ਼ਨ ਦੇ ਨਾਲ ਨਾਲ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ । ਅਸੀਂ ਉਮੀਦ ਕਰਦੇ ਹਾਂ ਕਿ ਉਸਦੀ ਸ਼ਾਇਰੀ ਜ਼ਰੂਰ ਅਹਿਮ ਮੁਕਾਮ ਹਾਸਿਲ ਕਰੇਗੀ.......
……………………………………………….. 0 …………………………………………………….

ਜਸਵਿੰਦਰ ਕੌਰ ਸੱਗੂ
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਹ ਆਰਟੀਕਲ ਪੰਜਾਬੀ ਟ੍ਰਿਬਿਊਨ ਤੇ 4 ਦਸੰਬਰ 2010 ਨੂੰ ਛਪਿਆ ਸੀ।