Friday, December 30, 2011

‘ਭਾਸ਼ਾਵਾਂ ਅਤੇ ਕੌਮੀ ਏਕਤਾ’

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਅਤੇ ਡਾ. ਬਲਤੇਜ ਸਿੰਘ ਮਾਨ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦਰ ਕੌਮੀ ਏਕਤਾ ਚੇਅਰ ਵਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ “ਭਾਰਤ ਵਿਚ ਕੌਮੀ ਏਕਤਾ ਅਤੇ ਭਾਈਚਾਰਕ ਸਦਭਾਵਨਾ ਸਨਮੁੱਖ ਚੁਣੌਤੀਆਂ” ਵਿਸ਼ੇ ਉਪਰ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਦਾ ਇਕ ਟੈਕਨੀਕਲ ਸ਼ੈਸਨ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਕੀਤਾ ਗਿਆ। ਇਸ ਸ਼ੈਸਨ ਦੇ ਚੇਅਰਮੈਨ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਕੋਆਰਡੀਨੇਟਰ ਡਾ. ਸਤੀਸ਼ ਕੁਮਾਰ ਵਰਮਾ ਅਤੇ ਵਿਸ਼ੇਸ਼ ਬੁਲਾਰੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ. ਰਵੇਲ ਸਿੰਘ ਸਨ। ਇਸ ਮੌਕੇ ਵਰਲਡ ਪੰਜਾਬੀ ਸੈਂਟਰ ਦੇ ਸਲਾਹਕਾਰ ਅਮਰਜੀਤ ਸਿੰਘ ਗਰੇਵਾਲ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਸ਼ੈਸਨ ਦੇ ਆਰੰਭ ਵਿਚ ਡਾ. ਬਲਦੇਵ ਸਿੰਘ ਚੀਮਾ ਦੁਆਰਾ ‘ਭਾਸ਼ਾਵਾਂ ਅਤੇ ਕੌਮੀ ਏਕਤਾ’ ਵਿਸ਼ੇ ਉਪਰ ਪੇਪਰ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਲਈ ਭਾਸ਼ਾਵਾਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਭਾਸ਼ਾ ਸੰਚਾਰ ਦਾ ਸਭ ਤੋਂ ਮਹੱਤਵਪੂਰਨ ਵਸੀਲਾ ਹੁੰਦੀ ਹੈ। ਇਸ ਮੌਕੇ ਬੋਲਦਿਆਂ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਇਕ ਬਹੁ-ਭਾਸ਼ਾਈ, ਬਹੁ-ਸਭਿਆਚਾਰਕ ਦੇਸ਼ ਹੈ, ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹ ਇਕ ਮਜ਼ਬੂਤ ਦੇਸ਼ ਬਣੇ ਤਾਂ ਸਾਰੀਆਂ ਪਛਾਣਾਂ ਨੂੰ ਮਾਨਤਾ ਦੇਣੀ ਪਵੇਗੀ, ਭਾਸ਼ਾਵਾਂ ਦੇ ਮਾਮਲੇ ਵਿਚ ਇਹ ਗਲ ਹੋਰ ਵੀ ਸੱਚ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਇਕ ਪਾਸੇ ਕਰੰਸੀ ਭਾਵ ਤਜਾਰਤ ਇਕ ਕਰਦੀ ਹੈ ਤਾਂ ਬਾੱਲੀਵੁੱਡ ਸਿਨਮੇ ਦੀ ਭਾਸ਼ਾ, ਜੋ ਹਿੰਦੀ ਨਹੀਂ ਸਗੋਂ ਹਿੰਦੋਸਤਾਨੀ ਹੈ, ਵੀ ਸਾਰੇ ਭਾਰਤੀਆਂ ਤਕ ਸੰਚਾਰ ਕਰ ਰਹੀ ਹੈ। ਭਾਸ਼ਾ ਅਤੇ ਕੌਮੀ ਏਕਤਾ ਦੇ ਮਸਲੇ ਤੇ ਇਸ ਪ੍ਰਕਾਰ ਨਵੇਂ ਪੱਖਾਂ ਵਲ ਵੀ ਧਿਆਨ ਦੇਣਾ ਬਣਦਾ ਹੈ। ਪੰਜਾਬੀ ਵਿਭਾਗ ਦੇ ਖੋਜਾਰਥੀ ਪਰਮਜੀਤ ਸਿੰਘ ਕੱਟੂ ਨੇ ‘ਭਾਸ਼ਾਵਾਂ ਅਤੇ ਕੌਮੀ ਏਕਤਾ : ਅੰਤਰ-ਸੰਬੰਧ’ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਭਾਰਤ ਜਿਹੇ ਭਿੰਨਤਾਵਾਂ ਵਾਲੇ ਦੇਸ਼ ਵਿਚ ਕੌਮੀ ਏਕਤਾ ਬਹੁਤ ਸੰਜੀਦਾ ਮਸਲਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਏਕਤਾ ਲਈ ਜਿਥੇ ਭਾਰਤ ਵਿਚ ਕੋਈ ਇਕ ਸਾਂਝੀ ਸੰਪਰਕ ਭਾਸ਼ਾ ਨਹੀਂ ਓਥੇ ਭਾਸ਼ਾ ਦੇ ਨਾਂ ‘ਤੇ ਹੁੰਦੀ ਸੌੜੀ ਰਾਜਨੀਤੀ ਵੀ ਇਦ੍ਹੇ ਲਈ ਘਾਤਕ ਹੈ । ਦੇਸ਼ ਵਿਚ ਵੱਖਰੀਆਂ ਪਛਾਣਾਂ ਦੀ ਵੱਖਰਤਾ ਦੇ ਬਾਵਜੂਦ ਏਕਤਾ ਬਣਾਈ ਰੱਖਣਾ ਇਹ ਚੁਣੌਤੀ ਹੈ। ਇਸ ਮੌਕੇ ਬਾਬਾ ਫ਼ਰੀਦ ਕਾਲਜ, ਦਿਉਣ ਤੋਂ ਡਾ. ਰਵਿੰਦਰ ਸੰਧੂ ਨੇ ‘ਕੌਮੀ ਏਕਤਾ : ਭਾਸ਼ਕ ਪਰਿਪੇਖ’ ਅਤੇ ਡਾ. ਜਗਪ੍ਰੀਤ ਕੌਰ ਨੇ ‘ਭਾਰਤ ਵਿਚ ਬਹੁ-ਭਾਸ਼ਾਵਾਦ’ ਵਿਸ਼ੇ ਤੇ ਪਰਚੇ ਪੇਸ਼ ਕੀਤੇ। ਇਸ ਤੋਂ ਇਲਾਵਾ ਰਾਮ ਨਿਵਾਸ, ਵੰਦਨਾ ਸ਼ਰਮਾ, ਡਾ. ਮੋਹਨ ਤਿਆਗੀ, ਨਿਤੀਸ਼ਾ ਮਹਾਜਨ ਆਦਿ ਵਲੋਂ ਵੀ ਇਸ ਸ਼ੈਸਨ ਵਿਚ ਪਰਚੇ ਪੇਸ਼ ਕੀਤੇ ਗਏ, ਜਿਨ੍ਹਾਂ ਉਪਰ ਬਹਿਸ ਕੀਤੀ ਗਈ। ਇਸ ਮੌਕੇ ਬਹੁ-ਗਿਣਤੀ ਖੋਜਾਰਥੀਆਂ-ਵਿਦਿਆਰਥੀਆਂ ਦੇ ਨਾਲ-ਨਾਲ ਡਾ. ਜਸਵਿੰਦਰ ਸਿੰਘ, ਡਾ.ਚਰਨਜੀਤ ਕੌਰ, ਡਾ.ਬਲਕਾਰ ਸਿੰਘ, ਡਾ. ਗੁਰਮੁਖ ਸਿੰਘ, ਰਾਜਵੰਤ ਕੌਰ ਪੰਜਾਬੀ, ਡਾ. ਗੁਰਜੰਟ ਸਿੰਘ ਆਦਿ ਵੀ ਸ਼ਾਮਿਲ ਹੋਏ।

No comments:

Post a Comment