Tuesday, August 30, 2011

‘ਭਾਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ’ ਵਿਸ਼ੇ ਉਪਰ ਇਕ ਰੋਜ਼ਾ ਨੈਸ਼ਨਲ ਸੈਮੀਨਾਰ


ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਭਾਈ ਕਾਨ੍ਹ ਸਿੰਘ ਨਾਭਾ ਦੇ 150ਵੇਂ ਜਨਮ ਦਿਵਸ ਮੌਕੇ ‘ਭਾਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ’ ਵਿਸ਼ੇ ਉਪਰ ਇਕ ਰੋਜ਼ਾ ਨੈਸ਼ਨਲ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਇਆ ਗਿਆ ।
ਸੈਮੀਨਾਰ ਦਾ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਜਿੱਥੇ ਨਵੇਂ ਢੰਗ ਨਾਲ ਪੰਜਾਬੀ ਵਿਚ ਚਾਰ ਭਾਗਾਂ ਚ ਛਾਪਿਆ ਜਾ ਰਿਹਾ ਹੈ ਓਥੇ ਇਸਨੂੰ ਅੰਗਰੇਜ਼ੀ ਅਤੇ ਹਿੰਦੀ ਵਿਚ ਵੀ ਅਨੁਵਾਦਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਮੁੱਖ ਲਾਇਬਰੇਰੀ ਜੋ ਭਾਈ ਸਾਹਿਬ ਦੇ ਨਾਂ ਤੇ ਬਣੀ ਹੋਈ ਹੈ ਉਸਨੂੰ ਦੋ ਕਰੋੜ ਖਰਚ ਕੇ ਏ.ਸੀ. ਕੀਤਾ ਜਾ ਚੁੱਕਾ ਹੈ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਹਰ ਸਾਲ 30 ਅਗਸਤ ਨੂੰ ਭਾਈ ਕਾਨ੍ਹ ਸਿੰਘ ਨਾਭਾ ਜਨਮ ਦਿਨ ਨੂੰ “ਪੰਜਾਬੀ ਕਿਤਾਬ ਦਿਵਸ” ਵਜੋਂ ਮਨਾਇਆ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ ਕੁਝ ਕੁ ਉਦਮ ਹਨ ਜੋ ਭਾਈ ਕਾਨ੍ਹ ਸਿੰਘ ਨਾਭਾ ਦੇ ਬਹੁਮੁਲੀ ਦੇਣ ਦਾ ਰਿਣ ਉਤਾਰਨ ਲਈ ਕੀਤਾ ਜਾ ਰਹੇ ਹਨ।
ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਇਸ ਮੌਕੇ ਸਵਾਗਤੀ ਸ਼ਬਦ ਬੋਲਦਿਆਂ ਭਾਈ ਕਾਨ੍ਹ ਸਿੰਘ ਨਾਭਾ ਦੀ ਬਹੁਪੱਖੀ ਸਖਸ਼ੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਸਾਹਿਬ ਮਹਾਨ ਵਿਦਵਾਨ, ਉੱਤਮ ਕੋਸ਼ਕਾਰ, ਸੰਜੀਦਾ ਨਿਆਂਕਾਰ, ਸੁਘੜ ਅਨੁਵਾਦਕ, ਚੰਗੇ ਪ੍ਰਬੰਧਕ ਅਤੇ ਸੁਲਝੀ ਹੋਈ ਸਖਸ਼ੀਅਤ ਸਨ। ਇਸ ਮੌਕੇ ਸੈਮੀਨਾਰ ਦੇ ਕੋਆਰਡੀਨੇਡਰ ਡਾ. ਸਤੀਸ਼ ਕੁਮਾਰ ਵਰਮਾ ਨੇ ਸਮਾਗਮ ਦੀ ਰੂਪ-ਰੇਖਾ ਤੇ ਚਾਣਨਾ ਪਾਉਂਦਿਆਂ ਅਜਿਹੇ ਸਮਾਗਮਾਂ ਲਈ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਦਿੱਤੇ ਜਾਂਦੇ ਸਹਿਯੋਗ ਅਤੇ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਉਦਘਾਟਨੀ ਸ਼ਬਦ ਬੋਲਦਿਆਂ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਭਾਈ ਸਾਹਿਬ ਨੇ ਪਹਿਲੀ ਵਾਰ ਪਰੰਪਰਾ ਅਤੇ ਅਧੁਨਿਕਤਾ ਦਾ ਸੁਮੇਲ ਕੀਤਾ ਤੇ ਇਕ ਸੰਜੀਦਾ ਸੰਵਾਦ ਦੀ ਸ਼ੁਰੂਆਤ ਕੀਤੀ ਅਤੇ ਭਾਈ ਸਾਹਿਬ ਦੇ ਕਾਰਜਾਂ ਨਾਲ ਸਿੱਖ ਪਛਾਣ ਦੀ ਗਲ ਸ਼ੁਰੂ ਹੋਈ। ਮੁੱਖ ਭਾਸ਼ਣ ਦਿੰਦਿਆਂ ਡਾ. ਜਸਵੰਤ ਸਿੰਘ ਨੇਕੀ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵਿਦਵਤਾ ਦੇ ਸਮੁੰਦਰ ਸਨ ਜਿਨ੍ਹਾਂ ਨੂੰ ਸਮਝਣ ਲਈ ਗਿਆਨ ਦੇ ਸਮੁੰਦਰ ਦਾ ਮੰਥਨ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਜਿੱਥੇ ਮਹਾਨ ਵਿਦਵਾਨ ਸਨ ਓਥੇ ਮਹਾਨ ਵਿਆਕਤੀ ਵੀ ਸਨ। ਸਮਾਗਮ ਦੇ ਮੁੱਖ ਮਹਿਮਾਨ ਮੇਜਰ ਆਦਰਸ਼ ਪਾਲ ਸਿੰਘ ਨੇ ਭਾਈ ਸਾਹਿਬ ਦੀ ਕੁਲ ਚੋਂ ਹੋਣ ਕਾਰਨ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਗਲ ਕਰਦਿਆਂ ਕਿਹਾ ਕਿ ਉਹ ਜਿੰਦਗੀ ਦੇ ਹਰ ਪੱਖ ਨਾਲ ਪੂਰਾ ਨਿਆਂ ਕਰਦੇ ਸਨ। ਇਸ ਮੌਕੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ. ਰਵੇਲ ਸਿੰਘ ਨੇ ਉਦਘਾਨੀ ਸੈਸ਼ਨ ਦੇ ਬੁਲਾਰਿਆਂ ਦਾ ਧੰਨਵਾਦ ਕੀਤਾ।
ਇਸ ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸਮੇਂ ਡਾ. ਜਗਬੀਰ ਸਿੰਘ ਨੇ ਗੁਰਬਾਣੀ ਅਧਿਐਨ ਲਈ ਮਹਾਨ ਕੋਸ਼ ਦੀ ਸਾਰਥਿਕਤਾ ਵਿਸ਼ੇ ਤੇ ਪੇਪਰ ਪੜਦਿਆਂ ਕਿਹਾ ਕਿ ਮਹਾਨ ਕੋਸ਼ ਪੰਜਾਬੀ ਜਗਤ ਲਈ ਮਹਾਨ ਰਚਨਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦਾ ਸਿੱਖ-ਚਿੰਤਨ ਵਿਸ਼ੇ ਤੇ ਡਾ. ਜਸਪਾਲ ਕੌਰ ਕਾਂਗ ਨੇ ਪੇਪਰ ਪੜ੍ਹਿਆ। ਕਾਵਿ-ਦ੍ਰਿਸ਼ਟੀ, ਡਾ. ਵਨੀਤਾ ਭਾਈ ਕਾਨ੍ਹ ਸਿੰਘ ਨਾਭਾ ਦੀ ਸੰਗੀਤ ਦ੍ਰਿਸ਼ਟੀ ਵਿਸ਼ੇ ਤੇ ਪੇਪਰ ਪੜਦਿਆਂ ਅਤੇ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਰਤਨ ਸਿੰਘ ਜੱਗੀ ਨੇ ਕੀਤੀ। ਆਖਰੀ ਸੈਸ਼ਨ ਵਿਚ ਡਾ. ਗੁਰਮੇਲ ਸਿੰਘ ਭਾਠੂਆ, ਡਾ. ਗੁਰਪ੍ਰੀਤ ਸਿੰਘ ਆਦਿ ਵਿਦਵਾਨਾਂ ਪਰਚੇ ਪੜ੍ਹੇ ਅਤੇ ਡਾ. ਜਗਜੀਤ ਸਿੰਘ ਨੇ ਪ੍ਰਧਾਨਗੀ ਕੀਤੀ।
ਇਸ ਮੌਕੇ ਬਹੁ-ਗਿਣਤੀ ਵਿਦਿਆਰਥੀਆਂ-ਖੋਜਾਰਥੀਆਂ ਦੇ ਨਾਲ-ਨਾਲ ਡਾ. ਇੰਦਰਮੋਹਨ ਸਿੰਘ, ਗੁਰਸ਼ਰਨ ਕੌਰ ਜੱਗੀ, ਹਰਪਾਲ ਸਿੰਘ ਪੰਨੂ, ਡਾ. ਜੋਧ ਸਿੰਘ, ਹਰੀ ਸਿੰਘ, ਡਾ. ਭੁਪਿੰਦਰ ਸਿੰਘ ਖਹਿਰਾ, ਜਗਤਾਰ ਸਿੰਘ ਜੋਗਾ, ਦਰਸ਼ਨ ਬੁੱਟਰ, ਅਨੂਪ ਵਿਰਕ, ਡਾ. ਧਨਵੰਤ ਕੌਰ, ਡਾ. ਅਮਰਜੀਤ ਕੌਰ, ਡਾ. ਜੋਗਾ ਸਿੰਘ, ਸੰਤ ਹਰਪਾਲ ਸਿੰਘ, ਚਿੱਤਰਕਾਰ ਗੁਰਪ੍ਰੀਤ ਸਿੰਘ, ਸੰਤ ਬਲਵੀਰ ਸਿੰਘ, ਗੁਰਮੀਤ ਸਿੰਘ ਸਿੱਧੂ, ਗੁਰਮੀਤ ਮਾਨ, ਹਿੰਮਤ ਸਿੰਘ, ਡਾ. ਭੀਮਇੰਦਰ ਸਿੰਘ, ਡਾ. ਗੁਰਨੈਬ ਸਿੰਘ ਆਦਿ ਵੱਖ-ਵੱਖ ਖਿੱਤਿਆਂ ਤੇ ਖੇਤਰਾਂ ਦੇ ਵਿਦਵਾਨ ਸ਼ਾਮਿਲ ਹੋਏ।

No comments:

Post a Comment