Wednesday, May 18, 2011

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਆਰਟਿਸਟ ਸਿਧਾਰਥ ਦਾ ਸਨਮਾਨ ਤੇ ਸੰਤ ਸਿੰਘ ਸੇਖੋਂ ਬਾਰੇ ਸੈਮੀਨਾਰਪੰਜਾਬੀ ਵਿਭਾਗ ਵੱਲੋਂ ਸੰਤ ਸਿੰਘ ਸੇਖੋਂ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਆਰਟਿਸਟ ਸਿਧਾਰਥ ਦਾ ਸਨਮਾਨ ਕੀਤਾ ਗਿਆ ਅਤੇ ਸੰਤ ਸਿੰਘ ਸੇਖੋਂ ਦੇ ਸਾਹਿਤ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਅਤੇ ਉਨ੍ਹਾਂ ਦੀ ਜਿ਼ੰਦਗੀ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਰਟਿਸਟ ਸਿਧਾਰਥ ਨੂੰ ਸਨਮਾਨ ਦਿੰਦਿਆਂ ਸਿਧਾਰਥ ਹੋਰਾਂ ਦੇ ਪੰਜਾਬ ਨਾਲ ਜੁੜੇ ਰਹਿਣ ਦੇ ਅਹਿਦ ਦਾ ਬਹੁਤ ਸਵਾਗਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬੀ ਯੂਨੀਵਰਸਿਟੀ ਸ੍ਰੀ ਸਿਧਾਰਥ ਦੇ ਚਿਤਰਾਂ ਦੀ ਪ੍ਰਦਰਸ਼ਨੀ ਲਗਾਏਗੀ। ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਸੰਤ ਸਿੰਘ ਸੇਖੋਂ ਦੀ ਬਹੁਪੱਖੀ ਸਖਸ਼ੀਅਤ ਦੀ ਚਰਚਾ ਕਰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਦਾ ਸਾਹਿਤ ਰਚਨਾ ਤੇ ਚਿੰਤਨ ਵਿਚ ਵਿਸ਼ੇਸ਼ ਯੋਗਦਾਨ ਹੈ ਉਥੇ ਉਹ ਮੱਥੇ ਵਿਚ ਦੀਵਾ ਜਗਾ ਕੇ ਝੱਖੜਾਂ ਵਿਚੋਂ ਲੰਘ ਜਾਣ ਵਾਲੀ ਇਕ ਸੰਸਥਾ ਸਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿਚ ਸੰਤ ਸਿੰਘ ਸੇਖੋਂ ਯਾਦਗਾਰੀ ਸਨਮਾਨ ਸ਼ੁਰੂ ਕੀਤਾ ਜਾਵੇਗਾ।
ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜਿੱਥੇ ਇਸ ਸਮਾਗਮ ਦਾ ਮੰਤਵ ਪੰਜਾਬੀ ਦੇ ਪ੍ਰਬੁੱਧ ਵਿਦਵਾਨ ਸੰਤ ਸਿੰਘ ਸੇਖੋਂ ਦੀ ਸਾਹਿਤਕ ਘਾਲਣਾ ਬਾਰੇ ਪੁਨਰ ਵਿਚਾਰ ਕਰਨਾ ਹੈ ਉਥੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਸਿਧਾਰਥ ਨੂੰ ਸਨਮਾਨਤ ਕਰਕੇ ਉਨ੍ਹਾਂ ਦੇ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਵੱਲੋਂ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਅਤੇ ਨਾਮਣਾ ਖੱਟਣ ਕਰਕੇ ਖੁਦ ਨੂੰ ਸਨਮਾਨਤ ਹੋਇਆ ਸਮਝਦੇ ਹਾਂ। ਡਾ. ਬਰਾੜ ਨੇ ਇਹ ਵੀ ਕਿਹਾ ਕਿ ਆਧੁਨਿਕ ਸਮੇਂ ਵਿਚ ਸਾਰੀਆਂ ਕਲਾਵਾਂ ਵੱਖ-ਵੱਖ ਹੋ ਗਈਆਂ, ਜੋ ਮੱਧਕਾਲ ਵਿਚ ਆਪਸ ਵਿਚ ਰਚੀਆਂ ਹੋਈਆਂ ਸਨ ਜਿਵੇਂ ਕਿ ਗੁਰਮਤਿ ਕਾਵਿ ਵਿਚ ਸਾਹਿਤ ਤੇ ਸੰਗੀਤ ਦਾ ਖੂਬਸੂਰਤ ਸੁਮੇਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚਿੱਤਰਕਾਰ ਸਿਧਾਰਥ ਵਰਗੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਲਾਕਾਰ ਨੂੰ ਸਾਹਿਤ ਤੇ ਵਿਦਿਆਰਥੀਆਂ ਨਾਲ ਰੂਬਰੂ ਕਰਕੇ ਸਾਹਿਤ ਤੇ ਬਾਕੀ ਕਲਾਵਾਂ ਦਾ ਸੁਮੇਲ ਕਰਨ ਦੀ ਇਹ ਬਿਹਤਰੀਨ ਕੋਸਿ਼ਸ਼ ਹੈ।
ਇਸ ਸਮਾਗਮ ਵਿਚ ਸਨਮਾਨਤ ਸਖਸ਼ੀਅਤ ਸ੍ਰੀ ਸਿਧਾਰਥ ਨਾਲ ਜਾਣ-ਪਛਾਣ ਕਰਾਉਂਦਿਆਂ ਸ੍ਰੀ ਅਮਰਜੀਤ ਗਰੇਵਾਲ ਨੇ ਕਿਹਾ ਕਿ ਸਿਧਾਰਥ ਜਿ਼ੰਦਗੀ ਦੀਆਂ ਤਲਖੀਆਂ ਨੂੰ ਹੰਢਾਉਂਦਿਆਂ ਆਪਣੀ ਕਲਾਮਈ ਸਾਧਨਾ ਰਾਹੀਂ ਪੰਜਾਬ ਦੇ ਆਮ ਪਿੰਡ ਵਿਚ ਪੈਦਾ ਹੋ ਕੇ ਅੱਜ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰ ਚੁਕੇ ਹਨ। ਉਨ੍ਹਾਂ ਕਿਹਾ ਕਿ ਸਿਧਾਰਥ ਨੇ ਦੁਨੀਆਂ ਭਰ ਦੀ ਕਲਾ ਨਾਲ ਸੰਵਾਦ ਰਚਾ ਕੇ ਆਪਣੀ ਕਲਾ ਰਾਹੀਂ ਪੰਜਾਬ ਦੀ ਖੁਸ਼ਬੁੂ ਤੇ ਪੰਜਾਬੀਅਤ ਨੂੰ ਰੰਗਾਂ ਦੁਆਰਾ ਕੈਨਵਸ ਤੇ ਚਿਤਰਿਆ। ਉਨ੍ਹਾਂ ਸਿਧਾਰਥ ਦੀ ਇਸ ਵਿਸ਼ੇਸ਼ਤਾ ਦਾ ਵੀ ਜਿ਼ਕਰ ਕੀਤਾ ਕਿ ਸਿਧਾਰਥ ਹੋਰੀਂ ਕੁਦਰਤੀ ਰੰਗਾਂ ਦੀ ਵਰਤੋਂ ਕਰਦੇ ਹਨ ਅਤੇ ਕਾਗਜ਼ ਵੀ ਆਪ ਤਿਆਰ ਕਰਦੇ ਹਨ। ਦਿੱਲੀ ਵਿਚ ਸਿਧਾਰਥ ਦਾ ਸਟੂਡਿਊ ਵਿਸ਼ਵ ਦੇ ਚਿੰਤਨ ਬਾਰੇ ਸੰਵਾਦ ਰਚਾਉਣ ਦਾ ਬਿਹਤਰੀਨ ਕੇਂਦਰ ਹੈ। ਉਨ੍ਹਾਂ ਸਿਧਾਰਥ ਦੁਆਰਾ ਫਿ਼ਲਮ ਨਿਰਮਾਣ, ਸੰਗੀਤ ਤੇ ਸਾਹਿਤ ਦੀ ਰੁਚੀ ਦਾ ਵੀ ਜਿ਼ਕਰ ਕੀਤਾ।
ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਸਿਧਾਰਥ ਨੇ ਸਥਾਨਿਕ ਰਹਿ ਕੇ ਵੀ ਅੰਤਰਰਾਸ਼ਟਰੀ ਬਣ ਕੇ ਵਿਖਾਇਆ ਹੈ, ਜੋ ਆਪਣੇ-ਆਪ ਵਿਚ ਬਹੁਤ ਬਹੁਤ ਵੱਡੀ ਗੱਲ ਹੈ ਅਤੇ ਉਨ੍ਹਾਂ ਸੰਤ ਸਿੰਘ ਸੇਖੋਂ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਨੂੰ ਇਕ ਵਿਸ਼ਾਲ ਮਨ ਵਾਲੀ ਸਖਸ਼ੀਅਤ ਦੱਸਿਆ ਜੋ ਭੂਤ, ਵਰਤਮਾਨ ਅਤੇ ਭਵਿੱਖ ਸਬੰਧੀ ਬੜੀਆਂ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਰੱਖਦੇ ਸਨ।
ਇਸ ਸਮਾਗਮ ਵਿਚ ਸੰਤ ਸਿੰਘ ਸੇਖੋਂ ਯਾਦਗਾਰੀ ਭਾਸ਼ਨ ਪ੍ਰਸਿੱਧ ਚਿੰਤਕ ਡਾ. ਗੁਰਭਗਤ ਸਿੰਘ ਨੇ ਦਿੱਤਾ। ਉਨ੍ਹਾਂ ਕਿਹਾ ਕਿ ਸੰਤ ਸਿੰਘ ਸੇਖੋਂ ਦੇ ਚਿੰਤਨ ਅਤੇ ਸਾਹਿਤ ਵਿਚ ਮਾਰਕਸਵਾਦ ਅਤੇ ਸਿੱਖ ਇਤਿਹਾਸ ਦਾ ਸੁਮੇਲ ਕਰਨ ਦਾ ਇਕ ਵਧੀਆ ਯਤਨ ਸੀ। ਜਿਸ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਡਾ. ਜਸਵਿੰਦਰ ਸਿੰਘ ਨੇ ਸੰਤ ਸਿੰਘ ਸੇਖੋਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ। ਇਸੇ ਚਰਚਾ ਨੂੰ ਅੰਗੇ ਤੋਰਦਿਆਂ ਡਾ. ਨਾਹਰ ਸਿੰਘ ਨੇ ਕਿਹਾ ਕਿ ਸੇਖੋਂ ਸਾਹਿਬ ਦਾ ਚਿੰਤਨ ਇਕ ਨਵੇਂ ਚਿੰਤਨ ਦਾ ਉਦੈ ਸੀ। ਖਾਸ ਕਰਕੇ ਸਭਿਆਚਾਰ, ਇਤਿਹਾਸ ਤੇ ਮਿਥਿਹਾਸ ਦੀ ਪੁਨਰ ਵਿਖਾਖਿਆ ਸਬੰਧੀ ਸੇਖੋਂ ਦਾ ਵਿਸੇ਼ਸ਼ ਯੋਗਦਾਨ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਸੇਖੋਂ ਦੇ ਨਾਟਕਾਂ ਦਾ ਬਹੁਪੱਖੀ ਸੰਵਾਨਵਾਂ ਦਾ ਜਿ਼ਕਰ ਕੀਤਾ ਅਤੇ ਡਾ. ਬਲਦੇਵ ਸਿੰਘ ਚੀਮਾ ਨੇ ਕਿਹਾ ਕਿ ਸੰਤ ਸਿੰਘ ਸੇਖੋਂ ਇਕ ਵਿਅਕਤੀ ਨਾਲੋਂ ਵਧੇਰੇ ਇਕ ਸੰਸਥਾ ਸਨ।
ਇਸ ਸਮਾਗਮ ਵਿਚ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਬਾਂਸਲ ਦੇ ਨਾਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਜਾਬੀ ਵਿਭਾਗ ਦੇ ਖੋਜਾਰਥੀਆਂ ਲਈ ਫੈਲੋਸਿ਼ਪ ਸ਼ੁਰੂ ਕਰਨ ਹਿੱਤ 10 ਲੱਖ ਰੁਪਏ ਦਿੱਤੇ ਅਤੇ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਬਾਂਸਲ ਦੁਆਰਾ ਬਣਾਈ ਨਿੱਜੀ ਲਾਇਬ੍ਰੇਰੀ ਵੀ ਪੰਜਾਬੀ ਯੂਨੀਵਰਸਿਟੀ ਨੂੰ ਭੇਂਟ ਕੀਤੀ। ਪੰਜਾਬੀ ਵਿਭਾਗ ਅਤੇ ਵਾਈਸ-ਚਾਂਸਲਰ ਵੱਲੋਂ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਬਾਂਸਲ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ।
ਸਮਾਗਮ ਵਿਚ ਸੰਤ ਸਿੰਘ ਸੇਖੋਂ ਯਾਦਗਾਰੀ ਟਰੱਸਟ ਦੇ ਚੇਅਰਮੈਨ ਸ. ਜਗਮੋਹਨ ਸਿੰਘ ਸੇਖੋਂ, ਡਾ. ਤੇਜਵੰਤ ਸਿੰਘ ਗਿੱਲ ਅਤੇ ਸੇਖੋਂ ਪਰਿਵਾਰ ਦੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਵਿਚ ਸਾਹਿਤ ਅਤੇ ਕਲਾ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਵਿਦਵਾਨ ਅਤੇ ਵਿਦਿਆਰਥੀ ਸ਼ਾਮਲ ਹੋਏ। ਇਸ ਸਮਾਗਮ ਵਿਚ ਵਿਭਾਗ ਦੇ ਖੋਜਾਰਥੀ ਪਰਮਜੀਤ ਸਿੰਘ ਕੱਟੂ ਵੱਲੋਂ ਸਿਧਾਰਥ ਦੇ ਚਿੱਤਰਾਂ ਨਾਲ ਸਬੰਧਿਤ ਸਲਾਈਡ ਸ਼ੋਅ ਵੀ ਵਿਖਾਇਆ ਗਿਆ। ਸਮਾਗਮ ਦਾ ਮੰਚ ਸੰਚਾਲਨ ਡਾ. ਸੁਰਜੀਤ ਸਿੰਘ ਵੱਲੋਂ ਕੀਤਾ ਗਿਆ।

1 comment:

  1. ਇਹ ਚੰਗਾ ਉੱਦਮ ਹੈ। ਜਾਰੀ ਰੱਖੋ। ਅਸੀਂ ਸਹਿਯੋਗ ਲਈ ਹਮੇਸ਼ਾਂ ਤੁਹਾਡੇ ਨਾਲ ਹਾ।

    ReplyDelete